ਸੜਕ ਹਾਦਸੇ ’ਚ ਵਿਅਕਤੀ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਜੂਨ
ਅੰਬਾਲਾ ਕੈਂਟ ਦੀ ਡਿਫੈਂਸ ਕਾਲੋਨੀ ਵਿਚ ਸਬਜ਼ੀ ਲੈਣ ਨਿਕਲੇ ਵਿਅਕਤੀ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 61 ਸਾਲਾ ਰਾਮਦੇਵ ਮਹਿਤੋ ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਇੱਥੇ ਡਿਫੈਂਸ ਕਾਲੋਨੀ ਵਿਚ ਪ੍ਰਾਪਰਟੀ ਡੀਲਰ ਦੇ ਫਾਰਮ ਹਾਊਸ ’ਤੇ ਕੰਮ ਕਰਦਾ ਸੀ।
ਡਿਫੈਂਸ ਕਾਲੋਨੀ ਦੇ ਸੈਕਟਰ-ਏ ਮਕਾਨ ਨੰਬਰ-65 ਵਾਸੀ ਵਿਸ਼ਾਲ ਰਾਣਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਫਾਰਮ ਹਾਊਸ ’ਤੇ ਇਕ ਗਾਂ ਰੱਖੀ ਹੋਈ ਹੈ ਜਿਸ ਦੀ ਦੇਖ-ਭਾਲ ਦਾ ਕੰਮ ਰਾਮਦੇਵ ਮਹਿਤੋ ਕਰਦਾ ਸੀ। ਉਹ ਪਿਛਲੇ 6-7 ਸਾਲਾਂ ਤੋਂ ਫਾਰਮ ’ਤੇ ਹੀ ਰਹਿੰਦਾ ਸੀ। ਸ਼ਨਿਚਰਵਾਰ ਸ਼ਾਮ ਨੂੰ ਹਨੇਰਾ ਹੋਣ ’ਤੇ ਜਦੋਂ ਉਹ ਪੰਜੋਖਰਾ ਬੱਸ ਸਟੈਂਡ ਤੋਂ ਸਾਈਕਲ ’ਤੇ ਸਬਜ਼ੀ ਲੈਣ ਜਾ ਰਿਹਾ ਸੀ ਤਾਂ ਕਾਰ ਚਾਲਕ ਨੇ ਲਾਪਰਵਾਹੀ ਨਾਲ ਕੱਟ ਮਾਰਦਿਆਂ ਉਸ ਦੇ ਸਾਈਕਲ ਨੂੰ ਅੱਗਿਓਂ ਟੱਕਰ ਮਾਰ ਦਿੱਤੀ। ਕਾਰ ਰਾਮਦੇਵ ਨੂੰ ਕੁਚਲਦੀ ਹੋਈ ਅੱਗੇ ਨਿਕਲ ਗਈ। ਵਿਸ਼ਾਲ ਅਨੁਸਾਰ ਉਸ ਨੇ ਡਾਇਲ-112 ’ਤੇ ਹਾਦਸੇ ਦੀ ਸੂਚਨਾ ਦਿੱਤੀ ਅਤੇ ਰਾਮਦੇਵ ਮਹਿਤੋ ਨੂੰ ਗੰਭੀਰ ਹਾਲਤ ਵਿੱਚ ਆਪਣੀ ਗੱਡੀ ਵਿੱਚ ਪਾ ਕੇ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਪਹੁੰਚਾਇਆ ਜਿੱਥੇ ਡਾਕਟਰ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੰਜੋਖਰਾ ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।