ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਜੁਲਾਈ
ਸੁਨਾਮ-ਪਟਿਆਲਾ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਮਰਦਖੇੜਾ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਨਾਲ ਵਾਲੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ।
ਪੁਲੀਸ ਚੌਕੀ ਮਹਿਲਾਂ ਚੌਕ ਦੇ ਇੰਚਾਰਜ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਕਿ ਪਿੰਡ ਸਤੌਜ ਵਾਸੀ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਮਲਕੀਤ ਸਿੰਘ ਆਪਣੇ ਪਿੰਡ ਦੇ ਹੀ ਦੋ ਸਾਥੀਆਂ ਬੂਟਾ ਸਿੰਘ ਪੁੱਤਰ ਮੇਜਰ ਸਿੰਘ ਅਤੇ ਲਵਦੀਪ ਸਿੰਘ ਪੁੱਤਰ ਸੱਤਪਾਲ ਸਿੰਘ ਸਮੇਤ ਮੋਟਰਸਾਈਕਲ ’ਤੇ ਮਹਿਲਾਂ ਚੌਕ ਵੱਲੋਂ ਪਿੰਡ ਸਤੌਜ ਆ ਰਹੇ ਸਨ। ਜਿਵੇਂ ਹੀ ਉਹ ਮੋਟਰਸਾਈਕਲ ’ਤੇ ਮਰਦਖੇੜਾ ਨੇੜੇ ਪਹੁੰਚੇ ਤਾਂ ਇਕ ਅਣਪਛਾਤੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਸੜਕ ’ਤੇ ਡਿੱਗਣ ਕਾਰਨ ਗੁਰਪ੍ਰੀਤ ਸਿੰਘ (20) ਗੰਭੀਰ ਜ਼ਖਮੀ ਹੋ ਗਿਆ ਜਦੋਂ ਕਿ ਉਸਦੇ ਦੋਸਤ ਬੂਟਾ ਸਿੰਘ ਅਤੇ ਲਵਦੀਪ ਸਿੰਘ ਦੇ ਵੀ ਗੰਭੀਰ ਸੱਟਾਂ ਵੱਜੀਆਂ। ਮੌਕੇ ਉੱਤੇ ਪੁੱਜੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਇਲਾਜ ਲਈ ਗੁਰਪ੍ਰੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਸਹਾਇਕ ਥਾਣੇਦਾਰ ਕਰਮ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਪਾਤੜਾਂ (ਪੱਤਰ ਪ੍ਰੇਰਕ): ਪਿੰਡ ਸ਼ੇਰਗੜ੍ਹ ਨੇੜੇ ਮੋਟਰਸਾਈਕਲ ਦੀ ਲਪੇਟ ਵਿੱਚ ਆਏ ਵਿਅਕਤੀ ਦੀ ਮੌਤ ਹੋ ਗਈ ਹੈ। ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਨੇ ਮੋਟਰਸਾਈਕਲ ਸਵਾਰ ਖਿਲਾਫ਼ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਨੰਦ ਕੁਮਾਰ ਵਾਸੀ ਬਿਹਣਾ, ਥਾਣਾ ਮਿਰਜਾ ਮੁਰਾਦ, ਯੂਪੀ ਨੇ ਦੱਸਿਆ ਕਿ ਉਸ ਦਾ ਭਰਾ ਰਾਜ ਕੁਮਾਰ ਪਿੰਡ ਸ਼ੇਰਗੜ੍ਹ ਪਾਸ ਸੜਕ ’ਤੇ ਪੈਦਲ ਜਾ ਰਿਹਾ ਸੀ, ਇਸੇ ਦੌਰਾਨ ਮੋਟਰਸਾਈਕਲ ਸਵਾਰ ਨੇ ਉਸ ਦੇ ਭਰਾ ਦੇ ਵਿੱਚ ਮਾਰਿਆ। ਇਸ ਹਾਦਸੇ ਵਿੱਚ ਉਸ ਦੇ ਭਰਾ ਰਾਜ ਕੁਮਾਰ ਦੀ ਮੌਤ ਹੋ ਗਈ ਹੈ। ਥਾਣਾ ਸ਼ੁਤਰਾਣਾ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਮੋਟਰਸਾਈਕਲ ਸਵਾਰ ਵਿਕਰਮ ਸਿੰਘ ਵਾਸੀ ਪਿੰਡ ਕਰੋਦਾ ਜ਼ਿਲ੍ਹਾ ਸੰਗਰੂਰ ਖਿਲਾਫ਼ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਆਰੰਭ ਦਿੱਤੀ ਹੈ।
ਮੋਟਰਸਾਈਕਲ ਦੀ ਲਪੇਟ ਵਿੱਚ ਆ ਕੇ ਮਜ਼ਦੂਰ ਦੀ ਮੌਤ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਕਾਕੜਾ ਵਿੱਚ ਮੋਟਰਸਾਈਕਲ ਦੀ ਲਪੇਟ ਵਿੱਚ ਆ ਕੇ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਇਸ ਸਬੰਧੀ ਜਗਰਨਾਥ ਮਹਤੋ ਵਾਸੀ ਸੀਤਾਮੜੀ ਬਿਹਾਰ ਹਾਲ ਆਬਾਦ ਪਿੰਡ ਕਾਕੜਾ ਨੇ ਇੱਥੇ ਥਾਣੇ ਵਿੱਚ ਸ਼ਿਕਾਇਤ ਲਿਖਾਈ ਕਿ ਬੀਤੀ ਸ਼ਾਮ ਇਕ ਕਿਸਾਨ ਦੇ ਖੇਤ ਵਿੱਚ ਜ਼ੀਰੀ ਲਾਉਣ ਤੋਂ ਬਾਅਦ ਉਹ ਆਪਣੇ ਭਰਾ ਵਿਸ਼ਵਨਾਥ ਮਹਤੋ ਨਾਲ ਪਿੰਡ ਕਾਕੜਾ ਤੋਂ ਪੰਨਵਾਂ ਵਾਲੀ ਸੜਕ ’ਤੇ ਪੈਦਲ ਜਾ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲ ਨੇ ਉਸ ਦੇ ਭਰਾ ਵਿਸ਼ਵਨਾਥ ਮਹਤੋ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਉਪਰੰਤ ਉਹ ਆਪਣੇ ਭਰਾ ਨੂੰ ਸਰਕਾਰੀ ਸਿਵਲ ਹਸਪਤਾਲ ਭਵਾਨੀਗੜ੍ਹ ਲੈ ਕੇ ਆਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।