For the best experience, open
https://m.punjabitribuneonline.com
on your mobile browser.
Advertisement

ਪਰਨੀਤ ਕੌਰ ਦੇ ਘਿਰਾਓ ਮੌਕੇ ਕਿਸਾਨ ਆਗੂ ਦੀ ਮੌਤ

07:46 AM May 05, 2024 IST
ਪਰਨੀਤ ਕੌਰ ਦੇ ਘਿਰਾਓ ਮੌਕੇ ਕਿਸਾਨ ਆਗੂ ਦੀ ਮੌਤ
ਰਾਜਪੁਰਾ ਹਸਪਤਾਲ ’ਚ ਧਰਨੇ ’ਤੇ ਬੈਠੇ ਕਿਸਾਨ ਆਗੂ ਸਤਿਨਾਮ ਬਹਿਰੂ, ਅਕਾਲੀ ਉਮੀਦਵਾਰ ਐੱਨ.ਕੇ. ਸ਼ਰਮਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਗੜ੍ਹੀ ਅਤੇ (ਇਨਸੈੱਟ) ਮ੍ਰਿਤਕ ਕਿਸਾਨ ਸੁਰਿੰਦਰਪਾਲ ਆਕੜੀ ਦੀ ਪੁਰਾਣੀ ਤਸਵੀਰ।
Advertisement

ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਮਿੱਠਾ
ਘਨੌਰ/ਰਾਜਪੁਰਾ 4 ਮਈ
ਘਨੌਰ ਹਲਕੇ ਦੇ ਪਿੰਡ ਸੇਹਰਾ ਵਿੱਚ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਚੋਣ ਪ੍ਰੋਗਰਾਮ ਦੌਰਾਨ ਅੱਜ ਕਿਸਾਨਾਂ ਵੱਲੋਂ ਕੀਤੇ ਗਏ ਘਿਰਾਓ ਮੌਕੇ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਹੋ ਗਈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਰਨੀਤ ਕੌਰ ਦੀ ਗੱਡੀ ਵਿੱਚ ਹੀ ਬੈਠੇ ਉਨ੍ਹਾਂ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ (ਸਾਬਕਾ ਚੇਅਰਮੈਨ) ਵੱਲੋਂ ਮਾਰੇ ਗਏ ਧੱਕੇ ਕਾਰਨ ਹੀ ਕਿਸਾਨ ਦੀ ਮੌਤ ਹੋਈ ਹੈ। ਉਧਰ, ਪਰਨੀਤ ਕੌਰ ਨੇ ਕਿਸਾਨ ਦੀ ਮੌਤ ਵੇਲੇ ਦੀ ਇੱਕ ਵੀਡੀਓ ਜਾਰੀ ਕਰ ਕੇ ਹਰਪਾਲਪੁਰ ’ਤੇ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਹੈ। ਵੀਡੀਓ ਦਾ ਹਵਾਲਾ ਦਿੰਦਿਆਂ, ਹਰਪਾਲਪੁਰ ਨੇ ਆਖਿਆ ਕਿ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਕਿਉਂਕਿ ਉਹ ਵੀਡੀਓ ਵਿੱਚ ਖੜ੍ਹਾ ਹੀ ਕੰਬਦਾ ਤੇ ਫਿਰ ਹੇਠਾਂ ਡਿੱਗਦਾ ਸਾਫ਼ ਦਿਖਾਈ ਦੇ ਰਿਹਾ ਹੈ। ਹਰਪਾਲਪੁਰ ਨੇ ਕਿਹਾ ਕਿ ਉਸ ਦੀ ਮੌਤ ਦੀ ਘਟਨਾ ਦੀ ਬਣੀ ਵੀਡੀਓ ’ਚ ਕਿਸਾਨ ਦੇ ਡਿੱੱਗਣ ਮੌਕੇ ਉਹ (ਹਰਪਾਲਪੁਰ) ਖੁਦ ਪਰਨੀਤ ਕੌਰ ਦੀ ਗੱਡੀ ਵਿੱਚ ਮੂਹਰਲੀ ਸੀਟ ’ਤੇ ਬੈਠਾ ਨਜ਼ਰ ਆ ਰਿਹਾ ਹੈ, ਇਸ ਕਰ ਕੇ ਉਹ ਕਾਰ ਅੰਦਰੋਂ ਤੇ ਐਨੀ ਦੂਰ ਤੋਂ ਧੱਕਾ ਕਿਵੇਂ ਮਾਰ ਸਕਦਾ ਹੈ। ਹਰਪਾਲਪੁਰ ਦਾ ਕਹਿਣਾ ਸੀ ਕਿ ਜੇਕਰ ਇਹ ਗੱਲ ਸਾਬਿਤ ਹੋ ਜਾਵੇ ਕਿ ਉਸ ਨੇ ਧੱਕਾ ਮਾਰਿਆ ਸੀ ਤਾਂ ਉਹ ਆਪਣੇ ਆਪ ਨੂੰ ਖੁਦ ਹੀ ਫਾਹਾ ਲਾ ਲਵੇਗਾ। ਜ਼ਿਕਰਯੋਗ ਹੈ ਕਿ ਅੱਜ ਪ੍ਰਨੀਤ ਕੌਰ ਹਲਕਾ ਘਨੌਰ ਦੇ ਪਿੰਡਾਂ ਦੇ ਦੌਰੇ ’ਤੇ ਸਨ। ਪਰਨੀਤ ਕੌਰ ਦਾ ਕਾਫਲਾ ਪਿੰਡ ਸੇਹਰਾ ਪੁੱਜਿਆ ਤਾਂ ਕਿਸਾਨਾਂ ਨੇ ਮੂਹਰੇ ਹੋ ਕੇ ਉਨ੍ਹਾਂ ਦੀ ਗੱਡੀ ਘੇਰ ਲਈ। ਗੱਡੀ ਵਿੱਚ ਅਗਲੀ ਸੀਟ ’ਤੇ ਹਰਵਿੰਦਰ ਹਰਪਾਲਪੁਰ ਅਤੇ ਸਕਿਓਰਿਟੀ ਮੁਲਾਜ਼ਮ ਬੈਠੇ ਸਨ। ਇਸੇ ਦੌਰਾਨ ਪ੍ਰਨੀਤ ਕੌਰ ਦੀ ਗੱਡੀ ਨੇੜੇ ਖੱਬੇ ਹੱਥ ਖੜ੍ਹੇ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਬੇਹੋਸ਼ ਹੋ ਕੇ ਡਿੱਗ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਰਾਜਪੁਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਅਕਾਲੀ ਉਮੀਦਵਾਰ ਐੱਨ.ਕੇ. ਸ਼ਰਮਾ ਅਤੇ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਏਪੀ ਜੈਨ ਹਸਪਤਾਲ ਰਾਜਪੁਰਾ ਪੁੱਜ ਗਏ। ਉੱਧਰ, ਵੱਡੀ ਗਿਣਤੀ ਕਿਸਾਨ ਵੀ ਮੌਕੇ ’ਤੇ ਇਕੱਤਰ ਹੋ ਗਏ। ਆਗੂਆਂ ਦਾ ਦੋਸ਼ ਸੀ ਕਿ ਕਿਸਾਨ ਦੀ ਮੌਤ ਹਰਵਿੰਦਰ ਹਰਪਾਲਪੁਰ ਵੱਲੋਂ ਧੱਕਾ ਮਾਰੇ ਜਾਣ ਕਾਰਨ ਹੋਈ ਹੈ, ਇਸ ਵਾਸਤੇ ਉਸ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਕਿਸਾਨਾਂ ਦੀ ਇਸ ਮੀਟਿੰਗ ’ਚ ਸਰਵਣ ਪੰਧੇਰ, ਜਗਜੀਤ ਡੱਲੇਵਾਲ, ਸਤਿਨਾਮ ਬਹਿਰੂ, ਮਨਜੀਤ ਘੁਮਾਣਾ, ਮਾਨ੍ਹ ਸਿੰਘ ਰਾਜਪੁਰਾ, ਜੰਗ ਸਿੰਘ ਭਟੇੜੀ ਅਤੇ ਗੁਰਧਿਆਨ ਸਿਓਣਾ ਆਦਿ ਵੀ ਸ਼ਾਮਲ ਸਨ। ਇਸੇ ਦੌਰਾਨ ਹਰਵਿੰਦਰ ਹਰਪਾਲਪੁਰ ਨੇ ਕਿਹਾ ਕਿ ਇਸ ਘਿਰਾਓ ਪ੍ਰੋਗਰਾਮ ਵਿੱਚ ਕਿਸਾਨ ਘੱਟ ਤੇ ਦੂਜੀਆਂ ਰਾਜਸੀ ਪਾਰਟੀਆਂ ਦੇ ਵਰਕਰ ਜ਼ਿਆਦਾ ਸਨ।

Advertisement

ਕਿਸਾਨ ਕੇਸ ਦਰਜ ਕਰਵਾਉਣ ’ਤੇ ਅੜੇ, ਸਸਕਾਰ ਨਾ ਕਰਨ ਦਾ ਐਲਾਨ

ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਸਬੰਧੀ ਕਿਸਾਨ ਆਗੂਆਂ ਵੱਲੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ’ਤੇ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਰਾਤ 8 ਵਜੇ ਸਮਾਪਤ ਹੋਈ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਕੀਤੀ ਪ੍ਰ੍ਰੈੱਸ ਕਾਨਫ਼ਰੰਸ ’ਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਜਿੰਨਾ ਚਿਰ ਪੁਲੀਸ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕਤਲ ਦਾ ਕੇਸ ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਸ਼ਾਇਦ ਭਾਜਪਾ ਦੇ ਦਬਾਅ ਹੇਠ ਪੰਜਾਬ ਸਰਕਾਰ ਉਨ੍ਹਾਂ ਦੀ ਇਸ ਮੰਗ ਨੂੰ ਲੰਬਾ ਸਮਾਂ ਲਟਕਾ ਸਕਦੀ ਹੈ। ਪਰਿਵਾਰ ਵੀ ਉਨ੍ਹਾਂ ਦੇ ਨਾਲ ਸਹਿਮਤ ਹੈ ਕਿ ਇਹ ਕੇਸ ਦਰਜ ਕਰਵਾਉਣ ਲਈ ਭਾਵੇਂ ਉਨ੍ਹਾਂ ਨੂੰ ਕਿੰਨਾ ਵੀ ਲੰਮਾ ਸੰਘਰਸ਼ ਕਰਨਾ ਪਵੇ, ਪਰ ਕੇਸ ਦਰਜ ਹੋਣ ਤੱਕ ਉਹ ਕਿਸਾਨ ਦਾ ਸਸਕਾਰ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਹਰਵਿੰਦਰ ਹਰਪਾਲਪੁਰ ਨੇ ਪਹਿਲਾਂ ਗੱੱਡੀ ਵਿੱਚ ਬੈਠੇ ਨੇ ਅਸ਼ਲੀਲ ਇਸ਼ਾਰੇ ਕਰ ਕੇ ਕਿਸਾਨਾਂ ਨੂੰ ਭੜਕਾਇਆ ਤੇ ਫਿਰ ਗੱਡੀ ਵਿਚੋਂ ਬਾਹਰ ਆ ਕੇ ਕਿਸਾਨਾਂ ਨਾਲ ਹੱੱਥੋਪਾਈ ਕੀਤੀ। ਇਸੇ ਦੌਰਾਨ ਉਸ ਨੇ ਸੁਰਿੰਦਰਪਾਲ ਸਿੰਘ ਆਕੜੀ ਨੂੰ ਧੱਕਾ ਮਾਰਿਆ ਜੋ ਕਿ ਕਿਸਾਨ ਦੀ ਮੌਤ ਦਾ ਕਾਰਨ ਬਣਿਆ। ਉਨ੍ਹਾਂ ਪੀੜਤ ਪਰਿਵਾਰ ਨੂੰ ਨਿਯਮਾਂ ਮੁਤਾਬਕ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਸੁਰਿੰਦਰਪਾਲ ਸਿੰਘ ਆਕੜੀ ਦੀ ਪਤਨੀ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਕਾਰਵਾਈ ਹੋਣ ਤੱਕ ਕਿਸਾਨ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ। ਉਧਰ, ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਸਾਨ ਦੀ ਮੌਤ ਲਈ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਇਸ ਕੇਸ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਵੀ ਸਾਜ਼ਿਸ਼ ਦੀ ਧਾਰਾ 120ਬੀ ਤਹਿਤ ਨਾਮਜ਼ਦ ਕਰਨ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਅਕਾਲੀ ਉਮੀਦਵਾਰ ਐੱਨ.ਕੇ. ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਵੀ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

Advertisement
Author Image

sukhwinder singh

View all posts

Advertisement
Advertisement
×