For the best experience, open
https://m.punjabitribuneonline.com
on your mobile browser.
Advertisement

ਮੌਤ ਕੁੜੀ ਪ੍ਰਨਾਵਣ ਚੱਲਿਆ, ਭਗਤ ਸਿੰਘ ਸਰਦਾਰ ਵੇ...

06:44 AM Nov 24, 2024 IST
ਮੌਤ ਕੁੜੀ ਪ੍ਰਨਾਵਣ ਚੱਲਿਆ  ਭਗਤ ਸਿੰਘ ਸਰਦਾਰ ਵੇ
Advertisement

Advertisement

ਸੁਖਪਾਲ ਸਿੰਘ ਗਿੱਲ

Advertisement

‘ਪੰਜਾਬੀ ਟ੍ਰਿਬਿਊਨ’ ਦੇ 17 ਨਵੰਬਰ ਦੇ ਅੰਕ ਵਿੱਚ ‘ਸ਼ਾਦਮਾਨ ਚੌਕ ’ਚ ਜਗਦੀਆਂ ਮੋਮਬੱਤੀਆਂ’ ਰਾਹੀਂ ਸਰਦਾਰ ਭਗਤ ਸਿੰਘ ਦੀ ਸ਼ਖ਼ਸੀਅਤ ਨੂੰ ਦੋਵਾਂ ਪੰਜਾਬਾਂ ਵਿੱਚ ਨਾਇਕ ਵਜੋਂ ਉਭਾਰਿਆ ਗਿਆ ਹੈ। ਸ਼ਾਦਮਾਨ ਚੌਕ ਦਾ ਨਾਂ ਰੱਖਣ ਅਤੇ ਬੁੱਤ ਲਾਉਣ ਪ੍ਰਤੀ ਸੋਚ ਨੂੰ ਉਭਾਰ ਕੇ ਦਰਸਾਇਆ ਗਿਆ ਹੈ ਕਿ ਬੁੱਤ ਲਾਉਣ ਵਾਲੇ ਅਤੇ ਦਹਿਸ਼ਤਗਰਦ ਗਰਦਾਨਣ ਵਾਲੇ ਉੱਥੇ ਹੀ ਹਨ। ਭਗਤ ਸਿੰਘ ਦੀ ਕੁਰਬਾਨੀ ਨੂੰ ਖੇਮਿਆਂ ਵਿੱਚੋਂ ਕੱਢ ਕੇ ਦੋਵਾਂ ਪੰਜਾਬਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਦੇ ਕੁਝ ਵੇਰਵੇ ਬਤੌਰ ਪਾਠਕ ਵੀ ਪੇਸ਼ ਹਨ।
ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਹਰ ਖੇਤਰ ਵਿੱਚ ਬਰਾਬਰ ਕਰਨਾ ਹੀ ਕ੍ਰਾਂਤੀ ਹੁੰਦੀ ਹੈ। ਸੱਚਾ ਦੇਸ਼ ਭਗਤ ਇਹੀ ਸੁਪਨੇ ਲੈਂਦਾ ਹੈ। ਅਜਿਹੇ ਵਿਅਕਤੀ ਮੌਤ ਨੂੰ ਗਲਵੱਕੜੀ ਪਾ ਕੇ ਪਿਛਲਿਆਂ ਨੂੰ ਮਾਰਗ ਦਰਸ਼ਨ ਰੂਪੀ ਸੱਚਾ ਖ਼ਜ਼ਾਨਾ ਸੌਂਪ ਜਾਂਦੇ ਹਨ। ਇਹ ਲੋਕ ਦੇਸ਼ ਵਿੱਚ ਸਭ ਦੇ ਸਾਂਝੇ ਹੁੰਦੇ ਹਨ। ਅੰਗਰੇਜ਼ਾਂ ਦੀ ਭਾਰਤੀਆਂ ਪ੍ਰਤੀ ਤਾਨਾਸ਼ਾਹੀ ਨੀਤੀ ਅਤੇ ਨਜ਼ਰੀਏ ਨੇ ਸਰਦਾਰ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਇਬਾਰਤ ਲਿਖਣ ਲਈ ਮਜਬੂਰ ਕੀਤਾ ਸੀ। ਜਦੋਂ ਤਾਨਾਸ਼ਾਹੀ ਰਵੱਈਆ ਆਮ ਹੋ ਜਾਵੇ ਤਾਂ ਸਤਾਏ ਹੋਏ ਆਮ ਲੋਕ ਕ੍ਰਾਂਤੀ ਨੂੰ ਅਧਿਕਾਰ ਸਮਝਦੇ ਹਨ। ਕ੍ਰਾਂਤੀ ਦੇ ਨਾਲ ਸੱਤਾ ਅਤੇ ਸਮਾਜਿਕ ਤਬਦੀਲੀਆਂ ਦੀ ਲਹਿਰ ਪੈਦਾ ਹੁੰਦੀ ਹੈ ਜੋ ਢਾਂਚੇ ਅੰਦਰ ਇਨਕਲਾਬ ’ਤੇ ਜਾ ਕੇ ਰੁਕਦੀ ਹੈ। ਫਿਰ ਇਨਕਲਾਬ ਜ਼ਿੰਦਾਬਾਦ ਹੁੰਦਾ ਹੈ। ਇਸ ਵਰਤਾਰੇ ਨੇ ਭਗਤ ਸਿੰਘ ਨੂੰ ਇਨਕਲਾਬ ਬਾਰੇ ਸਮੇਂ ਦੇ ਘਟਨਾਕ੍ਰਮ ਵਿੱਚੋਂ ਇਹ ਸ਼ਬਦ ਲਿਖਣ ਲਈ ਮਜਬੂਰ ਕੀਤਾ, ‘ਜਨਤਾ ਦੀ ਭੀੜ ਦਾ, ਜਨਤਾ ਦੀ ਭੀੜ ਉੱਤੇ ਰਾਜ ਕਰਨ ਲਈ ਸੱਤਾ ’ਤੇ ਕਬਜ਼ਾ ਕਰਨਾ ਹੀ ਇਨਕਲਾਬ ਹੈ।’
ਹਰ ਮਾਂ-ਪਿਓ ਆਪਣੀ ਔਲਾਦ ਦੀ ਖੁਸ਼ਹਾਲੀ ਲੋਚਦਾ ਹੈ, ਪਰ ਜੇ ਔਲਾਦ ਜਮਾਂਦਰੂ ਹੀ ਇਨਕਲਾਬੀ ਹੋਵੇ ਤਾਂ ਮੰਜ਼ਿਲ ਮਾਂ-ਪਿਓ ਦੀ ਸੋਚ ਦੇ ਉਲਟ ਹੋ ਜਾਂਦੀ ਹੈ, ਪਰ ਇੱਥੇ ਤਾਂ ਮਾਂ-ਪਿਓ, ਚਾਚੇ ਸਭ ਇਨਕਲਾਬੀ ਗੁੜ੍ਹਤੀ ਦੇਣ ਵਾਲੇ ਹੀ ਸਨ। ਸ਼ਹੀਦ ਦੇਸ਼ ਲਈ ਆਪਾ ਵਾਰ ਕੇ ਜੀਵਨ ਦੇ ਆਨੰਦ ਨੂੰ ਤਿਆਗ ਕੇ ਹੀ ਕੌਮੀ ਪਰਵਾਨੇ ਬਣ ਕੇ ਗ਼ੁਲਾਮੀ ਦੀ ਜ਼ੰਜੀਰ ਨੂੰ ਪੁੱਟ ਸੁੱਟਦੇ ਹਨ। ਮਾਪਿਆਂ ਦੀ ਮੋਹ ਭਿੱਜੀ ਦਾਸਤਾਨ ਕਰ ਕੇ 1924 ਵਿੱਚ ਭਗਤ ਸਿੰਘ ਸਰਦਾਰ ਉੱਤੇ ਸਾਕ-ਸਬੰਧੀਆਂ ਅਤੇ ਘਰ ਵਾਲਿਆਂ ਨੇ ਵਿਆਹ ਲਈ ਜ਼ੋਰ ਪਾਇਆ, ਪਰ ਤਸਵੀਰ ਆਪਣਾ ਰੁਖ਼ ਬਦਲਦੀ ਗਈ। ਬਚਪਨ ਵਿੱਚ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਸੀ, “ਅਸੀਂ ਖੇਤਾਂ ਵਿੱਚ ਅਨਾਜ ਦੀ ਜਗ੍ਹਾ ਬੰਦੂਕਾਂ ਕਿਉਂ ਨਹੀਂ ਬੀਜਦੇ ਜਿਸ ਨਾਲ ਦੇਸ਼ ਆਜ਼ਾਦ ਹੋਵੇਗਾ।’’ ਇਸ ਮਾਸੂਮੀਅਤ ਭਰੀ ਆਵਾਜ਼ ਨੇ ਭਗਤ ਸਿੰਘ ਦੇ ਇਰਾਦੇ ਬਚਪਨ ਵਿੱਚ ਹੀ ਲਿਖ ਦਿੱਤੇ ਸਨ। 28 ਸਤੰਬਰ 1907 ਤੋਂ 30 ਮਾਰਚ 1931 ਤੱਕ ਜੀਵਨ ਦੇ ਪੰਧ ਦੌਰਾਨ ਇਸ ਜਾਗਦੀ ਅਤੇ ਜਗਦੀ ਸੋਚ ਨੇ ਗ਼ੁਲਾਮੀ ਦੇ ਖ਼ਾਤਮੇ ਦੀ ਨੀਂਹ ਰੱਖ ਕੇ ਤਿੰਨ ਸੰਦੇਸ਼ ਦਿੱਤੇ:
ਮਾਪਿਆਂ ਦੇ ਚਾਅ ਮੱਲ੍ਹਾਰ ਵਿਆਹ ਦੇ ਮੌਕੇ ਨੂੰ ਲਾੜੀ ਮੌਤ ਨਾਲ ਵਿਆਹੁਣ ਦਾ ਸੰਦੇਸ਼ ਦੇ ਕੇ ਨਾਗਮਣੀ 1998 ਵਿੱਚ ਛਪੀ ਮੇਲਾ ਰਾਮ ਤਾਇਰ ਦੀ ਘੋੜੀ ਅਨੁਸਾਰ ਇੱਕ ਨਿਵੇਕਲੀ ਪਰਿਭਾਸ਼ਾ ਦਿੱਤੀ:
“ਆਓ ਨੀ ਭੈਣੋ ਚੱਲ ਗਾਈਏ ਨੀ ਘੋੜੀਆਂ,
ਜੰਝ ਤੇ ਹੋਈ ਤਿਆਰ ਵੇ ਹਾਂ,
ਮੌਤ ਕੁੜੀ ਪ੍ਰਨਾਵਣ ਚੱਲਿਆ,
ਭਗਤ ਸਿੰਘ ਸਰਦਾਰ ਵੇ ਹਾਂ,
ਹੰਝੂਆਂ ਦੇ ਪਾਣੀ ਭਰੋ ਨੀ ਘੜੋਲੀ,
ਬੈਠੇ ਤਾਂ ਪੈਰਾਂ ਦੇ ਭਾਰ ਵੇ ਹਾਂ,
ਫਾਂਸੀ ਦੇ ਤਖ਼ਤੇ ਨੂੰ ਖਾਰਾ ਬਣਾ ਕੇ,
ਉਹ ਬੈਠਾ ਜੇ ਚੌਂਕੜੀ ਮਾਰ ਵੇ ਹਾਂ,
ਫਾਂਸੀ ਦੀ ਟੋਪੀ ਉਨ੍ਹੇ ਸਿਰ ’ਤੇ ਸਜਾਈ,
ਸੇਹਰਾ ਤਾਂ ਝਾਲਰਦਾਰ ਵੇ ਹਾਂ,
ਜੰਡੀ ਤਾਂ ਵੱਢੀ ਲਾੜੇ ਜ਼ੋਰ ਜ਼ੁਲਮ ਦੀ,
ਜਬਰਾਂ ਦੀ ਮਾਰੀ ਤਲਵਾਰ ਵੇ ਹਾਂ,
ਰਾਜਗੁਰੂ ਸੁਖਦੇਵ ਸਰਬਾਲੇ,
ਲਾੜਾ ਤੇ ਬੈਠਾ ਵਿਚਕਾਰ ਵੇ ਹਾਂ,
ਵਾਗ ਫੜਾਈ ਜਿਨ੍ਹਾਂ ਭੈਣਾਂ ਨੇ,
ਭੈਣਾਂ ਦਾ ਕੀਤਾ ਹੁਦਾਰ ਵੇ ਹਾਂ,
ਹਰੀ ਕ੍ਰਿਸ਼ਨ ਉਹਦਾ ਬਣਿਆ ਸਾਂਢੂ,
ਢੁੱਕੇ ਤਾਂ ਢੁੱਕੇ ਇੱਕੋ ਵਾਰ ਵੇ ਹਾਂ,
ਪੈਂਤੀ ਕਰੋੜ ਤੇਰੇ ਜਾਂਝੀ ਵੇ ਲਾੜਿਆ,
ਪੈਦਲ ਤੇ ਕਈ ਅਸਵਾਰ ਵੇ ਹਾਂ,
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਜੁ ਢੁੱਕੀ,
ਤਾਇਰ ਵੀ ਹੋਇਆ ਤਿਆਰ ਵੇ ਹਾਂ।”
ਬੰਦੂਕ ਤੋਂ ਬਾਅਦ ਕਲਮ ਅਤੇ ਕਿਤਾਬ ਚੁੱਕਣ ਦਾ ਸੰਦੇਸ਼ ਦੇ ਕੇ ਇੱਕ ਨਵੀਂ ਚੇਤਨਾ ਲਹਿਰ ਪੈਦਾ ਕੀਤੀ। ਇਸ ਨਾਲ ਆਪਣੀ ਇਨਕਲਾਬੀ ਸੋਚ ਦਾ ਸੁਨੇਹਾ ਦੇ ਕੇ ਨੌਜਵਾਨੀ ਨੂੰ ਦੇਸ਼-ਭਗਤੀ ਦਾ ਸਬਕ ਦਿੱਤਾ। ਇਸੇ ਭਾਵਨਾ ਨੂੰ ਸੰਤ ਰਾਮ ਉਦਾਸੀ ਇਉਂ ਬਿਆਨ ਕਰਦਾ ਹੈ:
“ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ਰੇਤੇ ’ਚ ਨਾ ਰਲਾਇਓ।”
ਇਹ ਵੀ ਦਰਸਾਇਆ ਕਿ ਖ਼ੂਨ ਨਾਲ ਲਿਖਿਆ ਦੇਸ਼ ਦਾ ਇਤਿਹਾਸ ਕਾਗਜ਼ ਅਤੇ ਸਿਆਹੀ ਨਾਲ ਲਿਖੇ ਇਤਿਹਾਸ ਤੋਂ ਵੱਧ ਇਨਕਲਾਬੀ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਹੁੰਦਾ ਹੈ। ਇਸ ਇਤਿਹਾਸ ਦੀ ਪਛਾਣ ਮਘਦੇ ਸੂਰਜ, ਚਮਕਦੇ ਚੰਨ ਅਤੇ ਰਹਿੰਦੀ ਦੁਨੀਆ ਤੱਕ ਲਿਸ਼ਕ ਮਾਰਦੀ ਰਹਿੰਦੀ ਹੈ। ਨੌਜਵਾਨੀ ਦਾ ਮਾਰਗ ਦਰਸ਼ਨ ਕਰ ਕੇ ਜਜ਼ਬੇ ਅਤੇ ਇਨਕਲਾਬ ਦਾ ਸੰਚਾਰ ਵੀ ਖ਼ੂਨੀ ਇਤਿਹਾਸ ਹੀ ਕਰਦਾ ਹੈ, ਇਸੇ ਕਰਕੇ ਨੌਜਵਾਨੀ ਭਗਤ ਸਿੰਘ ਸਰਦਾਰ ਤੋਂ ਪ੍ਰੇਰਿਤ ਹੁੰਦੀ ਹੈ, ਦੇਸ਼ ਕੌਮ ਲਈ ਮਰ-ਮਿਟਣ ਅਤੇ ਅਮਰ ਹੋਣ ਲਈ ਤਿਆਰ ਰਹਿੰਦੀ ਹੈ।
ਸਰਦਾਰ ਭਗਤ ਸਿੰਘ ਦਾ ਦੇਸ਼ ਪ੍ਰੇਮ, ਜਜ਼ਬਾ, ਹਿੰਮਤ ਅਤੇ ਸੋਚ ਨੂੰ ਪੜ੍ਹ-ਸੁਣ ਕੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਉਸ ਦੀ ਸੋਚ ਸਾਡੇ ਵਿੱਚ ਅੱਜ ਕਿੱਥੇ ਖੜ੍ਹੀ ਹੈ? ਜੇ ਉਸ ਨੂੰ ਸ਼ਹਾਦਤ ਤੋਂ ਬਾਅਦ ਦੀ ਤਸਵੀਰ ਦਾ ਪਤਾ ਹੁੰਦਾ ਤਾਂ ਉਸ ਦਾ ਮਨ ਕੀ ਸੋਚਦਾ? ਅੱਜ ਇਨਕਲਾਬੀ ਸੋਚ ਦਾ ਅਧਿਐਨ ਕਰ ਕੇ ਦਿਨ-ਦਿਹਾੜੇ ਮਨਾਉਣ ਦੇ ਨਾਲ ਇਸ ਸੋਚ ਨੂੰ ਸਦਾਬਹਾਰ ਬਣਾਉਣ ਦੀ ਲੋੜ ਤਾਂ ਹੈ, ਪਰ ਨਾਲ ਹੀ ਲਹਿੰਦੇ ਚੜ੍ਹਦੇ ਪੰਜਾਬ ਵਿੱਚ ਭਗਤ ਸਿੰਘ ਦੇ ਨਾਂ ’ਤੇ ਅਦਾਰਿਆਂ ਅਤੇ ਬੁਨਿਆਦੀ ਢਾਂਚੇ ਦੇ ਨਾਮ ਰੱਖਣੇ ਲਾਜ਼ਮੀ ਹਨ। ਭਗਤ ਸਿੰਘ ਸਮੁੱਚੀ ਪੰਜਾਬੀਅਤ ਦਾ ਨਾਇਕ ਹੈ। ਹੁਣ ਤਾਜ਼ਾ ਚਰਚਾ ਲਹਿੰਦੇ ਵਾਲਿਆਂ ਨੇ ਇਹ ਛੇੜ ਦਿੱਤੀ ਹੈ ਕਿ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਕਾਇਮ ਕੀਤੀ ਕਮੇਟੀ ਦੇ ਮੈਂਬਰ ਤਾਰਿਕ ਮਜੀਦ ਨੇ ਆਪਣੀ ਰਾਏ ’ਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਬਜਾਏ ਦਹਿਸ਼ਤਗਰਦ ਦੱਸ ਦਿੱਤਾ ਅਤੇ ਇਹ ਤਜ਼ਵੀਜ ਰੱਦ ਕਰ ਦਿੱਤੀ ਗਈ। ਇਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਤਾਰਿਕ ਮਜੀਦ ਵਾਲੀ ਸੋਚ ਨਾਲੋਂ ਨਾਲ ਤੁਰੀ ਹੋਈ ਹੈ। ਸ਼ਾਦਮਾਨ ਚੌਕ ਵਿੱਚੋਂ ਉਪਜੀ ਇਸ ਸੌੜੀ ਸੋਚ ਨੇ ਕਈ ਨਵੇਂ ਸਬਕ ਦਿੱਤੇ ਹਨ; ਪਾਕਿਸਤਾਨ ਵਿੱਚ ਸ਼ਾਦਮਾਨ ਚੌਕ ’ਤੇ ਮੋਮਬੱਤੀਆਂ ਜਗਾ ਕੇ ਭਗਤ ਸਿੰਘ ਨੂੰ ਯਾਦ ਵੀ ਕਰਦੇ ਹਨ ਤੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਮ ’ਤੇ ਰੱਖਣਾ ਅਤੇ ਬੁੱਤ ਲਗਾਉਣ ਦੀ ਸੋਚ ਵੀ ਲਹਿੰਦੇ ਪੰਜਾਬੀ ਇਨਕਲਾਬੀਆਂ ਦੀ ਹੀ ਹੈ। ਭਗਤ ਸਿੰਘ ਸਭ ਦਾ ਸਾਂਝਾ ਨਾਇਕ ਹੈ ਇਸ ਲਈ ਉਸ ਦੀ ਸੋਚ ਨੂੰ ਬਚਾਉਣ ਅਤੇ ਯਾਦ ਰੱਖਣ ਲਈ ਉਸ ਦੇ ਨਾਮ ’ਤੇ ਥਾਵਾਂ ਦੇ ਨਾਮ ਰੱਖਣੇ ਬਿਲਕੁਲ ਜਾਇਜ਼ ਹਨ। ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਤ ਸਿੰਘ ਦੇ ਨਾਂ ’ਤੇ ਕੁਝ ਨਾਮ ਰੱਖੇ ਹਨ, ਨਾਲ ਹੀ ਪੰਜਾਬ ਦਾ ਅਸਲੀ ਨਾਇਕ ਬਣਾ ਕੇ ਪੇਸ਼ ਵੀ ਕੀਤਾ ਹੈ।
ਸੰਪਰਕ: 98781-11445

Advertisement
Author Image

Advertisement