For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਕਿਸਾਨਾਂ ਦੇ ਵਾਰਿਸਾਂ ਵੱਲੋਂ ਮਰਨ ਵਰਤ ਸ਼ੁਰੂ

09:00 AM Feb 11, 2024 IST
ਸ਼ਹੀਦ ਕਿਸਾਨਾਂ ਦੇ ਵਾਰਿਸਾਂ ਵੱਲੋਂ ਮਰਨ ਵਰਤ ਸ਼ੁਰੂ
ਮਰਨ ਵਰਤ ’ਤੇ ਬੈਠੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਿਸ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 10 ਫਰਵਰੀ
ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾ ਹੋਣ ’ਤੇ ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨ ਵਾਰਿਸਾਂ ਨੇ ਅੱਜ ਲੰਬੀ ’ਚ ਐੱਨਐੱਚ- 9 ਵਿਚਕਾਰ ਪੱਕਾ ਧਰਨਾ ਲਗਾ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿੱਚ ਸ਼ਹੀਦ ਕਿਸਾਨ ਪਰਿਵਾਰਾਂ ਦੇ ਛੇ ਵਾਰਿਸ- ਬਾਦਲ ਸਿੰਘ ਮੜ੍ਹਾਹਕ, ਬਲਵੀਰ ਸ਼ਰਮਾ ਭੱਠਲ, ਨਛੱਤਰ ਸਿੰਘ ਸਿਰਸੜੀ, ਲਖਵੀਰ ਸਿੰਘ ਕੋਠਾ ਗੁਰੂ ਕੇ, ਹਰਮਨਦੀਪ ਸਿੰਘ ਚਿੰਤਾਵਲੀ (ਰੋਪੜ) ਅਤੇ ਹਰਪ੍ਰੀਤ ਸਿੰਘ ਢੰਡੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਬੀਤੇ 18 ਦਿਨਾਂ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਬੂਹੇ ’ਤੇ ਪੱਕੇ ਮੋਰਚੇ ਵਿੱਚ ਡਟੇ ਹੋਏ ਹਨ। ਖੇਤੀਬਾੜੀ ਮੰਤਰੀ ਨਾਲ ਪੰਜ ਮੀਟਿੰਗਾਂ ਬੇਸਿੱਟਾ ਰਹਿਣ ਮਗਰੋਂ ਸ਼ਹੀਦ ਕਿਸਾਨ ਵਾਰਿਸ ਆਰ-ਪਾਰ ਦੀ ਲੜਾਈ ਦੇ ਰੌਂਅ ’ਚ ਹਨ ਜਿਸ ਤਹਿਤ ਕੱਲ੍ਹ ਤੋਂ ਮੰਤਰੀ ਦੇ ਬੂਹੇ ’ਤੇ ਪੱਕੇ ਮੋਰਚੇ ਦੇ ਇਲਾਵਾ ਡੱਬਵਾਲੀ-ਮਲੋਟ ਐਨਐਚ-9 ਉੱਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਅੱਜ ਐੱਨਐੱਚ-9 ’ਤੇ ਪੱਕਾ ਟੈਂਟ ਲਗਾ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਕਿਸਾਨ ਵਾਰਿਸਾਂ ਨੇ ਖੁੱਡੀਆਂ ਵਿੱਚ ਚੱਲਦੇ ਪੱਕੇ ਮੋਰਚੇ ਵਿੱਚ ਮੌਜੂਦ ਔਰਤਾਂ ਤੇ ਪੁਰਸ਼ਾਂ ਦੇ ਪੀਣ ਦਾ ਸਾਫ਼ ਪਾਣੀ ਅਤੇ ਦੁੱਧ ਤੱਕ ਬੰਦ ਕਰਵਾਉਣ ਦੇ ਦੋਸ਼ ਲਾਏ ਹਨ। ਮੌਜੂਦਾ ਸਮੇਂ ’ਚ ਖੁੱਡੀਆਂ ਮੋਰਚੇ ਵਿੱਚ 111 ਪਰਿਵਾਰਾਂ ਸਰਗਰਮ ਹਨ ਜਿਨ੍ਹਾਂ ਵਿੱਚ 15 ਬੀਬੀਆਂ ਸ਼ਾਮਲ ਹਨ। ਵਾਰਿਸਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਐਲਾਨੀ ਨੌਕਰੀ ਤੇ ਮੁਆਵਜ਼ਾ ਤਾਂ ਦੂਰ ਤੇਲੰਗਾਨਾ ਸਰਕਾਰ ਵੱਲੋਂ ਭੇਜੇ 3-3 ਲੱਖ ਰੁਪਏ ਦੇ ਮੁਆਵਜ਼ੇ ਦੀ ਅਮਾਨਤ ਵਾਰਿਸਾਂ ਵਿੱਚ ਤਕਸੀਮ ਨਹੀਂ ਕੀਤੀ ਜਾ ਰਹੀ। ਖੇਤੀਬਾੜੀ ਮੰਤਰੀ ਨਾਲ ਮੀਟਿੰਗ ਵਿੱਚ ਵਾਰਿਸਾਂ ਨੇ ਤਿਲੰਗਾਨਾ ਦਾ ਅਮਾਨਤੀ ਮੁਆਵਜ਼ਾ ਤੁਰੰਤ ਪ੍ਰਭਾਵ ਨਾਲ ਖਾਤਿਆਂ ’ਚ ਪੁਆਉਣ ਦੀ ਮੰਗ ਰੱਖੀ ਸੀ। ਇਸ ਦੌਰਾਨ ਮੰਤਰੀ ਨੇ ਮੁਆਵਜ਼ਾ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਦਾ ਹੋਣ ਕਰਕੇ ਉਸਦੇ ਥਹੁ-ਠਿਕਾਣੇ ਪ੍ਰਤੀ ਅਗਿਆਨਤਾ ਪ੍ਰਗਟਾਈ ਸੀ।

Advertisement

Advertisement
Advertisement
Author Image

sukhwinder singh

View all posts

Advertisement