ਧੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪਿਤਾ ਵੱਲੋਂ ਮਰਨ ਵਰਤ
ਭੁਿਪੰਦਰ ਪੰਨੀਵਾਲੀਆ
ਕਾਲਾਂਵਾਲੀ, 9 ਅਗਸਤ
ਖੇਤਰ ਦੇ ਪਿੰਡ ਥਿਰਾਜ ਵਾਸੀ ਸੋਹਨ ਸਿੰਘ ਨੂੰ ਆਪਣੀ ਧੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਘਰ ਵਿੱਚ ਸੱਥਰ ਉੱਤੇ ਹੀ ਮਰਨ ਵਰਤ ਬੈਠਣ ਲਈ ਮਜਬੂਰ ਹੋਣਾ ਪਿਆ ਹੈ। ਦੂਜੇ ਪਾਸੇ, ਪੁਲੀਸ ਦਾ ਕਹਿਣਾ ਹੈ ਮ੍ਰਿਤਕਾ ਦੇ ਪਤੀ ਬਲਕੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੇ ਤਿੰਨ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਸੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਅੰਮ੍ਰਿਤਪਾਲ ਕੌਰ ਨੂੰ ਚਾਰ ਅਗਸਤ ਨੂੰ ਉਸ ਦੇ ਪਤੀ ਬਲਕੌਰ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਬਾਰੇ ਪਤਾ ਲੱਗਣ ’ਤੇ ਉਹ ਜਦੋਂ ਪਿੰਡ ਸੁਖਚੈਨ ਪੁੱਜੇ ਤਾਂ ਉਨ੍ਹਾਂ ਦੀ ਧੀ ਦੇ ਹੱਥ ਪਿੱਛੇ ਬੰਨ੍ਹੇ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ’ਚ ਥਾਣਾ ਬੜਾਗੁੜ੍ਹਾ ਪੁਲੀਸ ਕੋਲ ਅੰਮ੍ਰਿਤਪਾਲ ਦੇ ਪਤੀ ਬਲਕੌਰ ਸਿੰਘ, ਸਹੁਰੇ ਬੂਟਾ ਸਿੰਘ, ਸੱਸ ਸੁਖਵਿੰਦਰ ਕੌਰ, ਤਾਰੂਆਣਾ ਵਾਸੀ ਦਰਸ਼ਨ ਸਿੰਘ ਤੇ ਚਮਕੌਰ ਸਿੰਘ ਖਿਲਾਫ਼ ਕੇਸ ਦਰਜ ਕਰਵਾਇਆ ਸੀ। ਸੋਹਨ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਟਾਲ-ਮਟੋਲ ਕਰ ਰਹੀ ਹੈ। ਉਹ ਸਿਰਸਾ ਦੇ ਐਸਪੀ ਉਦੈ ਸਿੰਘ ਮੀਣਾ ਨੂੰ ਵੀ ਮਿਲੇ ਸਨ ਪਰ ਹਾਲੇ ਤੱਕ ਕੋਈ ਕਰਵਾਈ ਨਹੀਂ ਹੋਈ। ਉਨ੍ਹਾਂ ਪੰਚਾਇਤ ਸਣੇ ਸਿਰਸਾ ਦੇ ਐਸਪੀ ਦਫ਼ਤਰ ਅੱਗੇ ਮਰਨ ਵਰਤ ਰੱਖ ਕੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਦੂਜੇ ਪਾਸੇ, ਪੁਲੀਸ ਦਾ ਕਹਿਣਾ ਹੈ ਕਿ ਬਲਕੌਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।