ਇਲਾਜ ਦੌਰਾਨ ਮੌਤ: ਪੀੜਤ ਪਰਿਵਾਰ ਵੱਲੋਂ ਹਸਪਤਾਲ ਅੱਗੇ ਧਰਨਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਨਵੰਬਰ
ਇਥੇ ਧੂਰੀ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿਚ ਕਰੀਬ ਪੌਣੇ ਤਿੰਨ ਮਹੀਨੇ ਪਹਿਲਾਂ ਇਲਾਜ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ ਕੇਸ ਦਰਜ ਹੋਣ ਦੇ ਬਾਵਜੂਦ ਡਾਕਟਰ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਖਫ਼ਾ ਪੀੜਤ ਪਰਿਵਾਰ, ਸਕੇ-ਸਬੰਧੀਆਂ ਅਤੇ ਸਮਰਥਕਾਂ ਵੱਲੋਂ ਸਬੰਧਿਤ ਹਸਪਤਾਲ ਅੱਗੇ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਦਿੱਤਾ ਗਿਆ ਅਤੇ ਪੁਲੀਸ ਦੀ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਰੋਸ ਧਰਨੇ ਦੌਰਾਨ ਨੌਜਵਾਨ ਦੇ ਪਿਤਾ ਹਰਬਲਾਸ ਬਾਂਸਲ ਅਤੇ ਮਾਤਾ ਊਸ਼ਾ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ 33 ਸਾਲਾ ਪੁੱਤਰ ਤੇਜਿੰਦਰ ਬਾਂਸਲ ਨੂੰ ਗੁਰਦੇ ਵਿਚ ਪੱਥਰੀ ਦੀ ਸ਼ਿਕਾਇਤ ਹੋਣ ’ਤੇ ਅਪਰੇਸ਼ਨ ਲਈ ਧੂਰੀ ਰੋਡ ’ਤੇ ਇੱਕ ਨਿੱਜੀ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ ਜਿੱਥੇ ਬੀਤੀ 30 ਅਗਸਤ ਨੂੰ ਉਸ ਨੂੰ ਅਪਰੇਸ਼ਨ ਥੀਏਟਰ ਲਿਜਾਇਆ ਗਿਆ। ਇਲਾਜ ਦੌਰਾਨ ਬਾਹਰੋਂ ਆਏ ਡਾਕਟਰ ਨੇ ਬੇਹੋਸ਼ ਕਰਨ ਲਈ ਉਸ ਦੇ ਟੀਕਾ ਲਗਾਇਆ ਗਿਆ। ਇਸ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਤੇਜਿੰਦਰ ਦੀ ਸਿਹਤ ਵਿਗੜ ਗਈ ਹੈ ਅਤੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਉਹ ਪਟਿਆਲਾ ਲੈ ਗਏ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਕਰੀਬ ਦੋ ਘੰਟੇ ਪਹਿਲਾਂ ਹੋ ਚੁੱਕੀ ਹੈ। ਮਾਤਾ-ਪਿਤਾ ਨੇ ਦੋਸ਼ ਲਾਇਆ ਕਿ ਡਾਕਟਰ ਵਲੋਂ ਬੇਹੋਸ਼ੀ ਦਾ ਟੀਕੇ ਦੀ ਓਵਰਡੋਜ਼ ਦੇਣ ਨਾਲ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਹੈ। ਇਸ ਮੌਕੇ ਮੌਜੂਦ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ 2 ਸਤੰਬਰ ਨੂੰ ਐਸਐਸਪੀ ਸੰਗਰੂਰ ਨੂੰ ਦਿੱਤੀ ਗਈ ਅਤੇ ਪੁਲੀਸ ਨੇ ਪੋਸਟ ਮਾਰਟਮ ਕਰਾਉਣ ਮਗਰੋਂ ਮਰੀਜ਼ ਸਬੰਧੀ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਮਰੀਜ਼ ਦੀ ਫਾਈਲ ਦੀਆਂ ਕਾਪੀਆਂ ਪੀੜਤ ਪਰਿਵਾਰ ਕੋਲ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਨਸਾਫ਼ ਲਈ ਪੀੜਤ ਪਰਿਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜਿਆ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਕੋਲ ਮਰੀਜ਼ ਦੀ ਫਾਈਲ ਅਤੇ ਪੁਲੀਸ ਕੋਲ ਮੌਜੂਦ ਰਿਕਾਰਡ ਵਿਚ ਫਰਕ ਦੇਖਣ ਨੂੰ ਮਿਲਿਆ ਜਿਸ ਤੋਂ ਜਾਪਿਆ ਕਿ ਰਿਕਾਰਡ ਨਾਲ ਛੇੜ-ਛਾੜ ਕੀਤੀ ਹੈ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਨੂੰ ਮੁੜ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਪਰ ਕੋਈ ਕਾਰਵਾਈ ਨਾ ਹੋਈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਐੱਸਐੱਸਪੀ ਨੂੰ ਤਲਬ ਕੀਤਾ ਗਿਆ ਅਤੇ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ। ਇਸ ਮਗਰੋਂ ਸੰਗਰੂਰ ਪੁਲੀਸ ਨੇ ਹਸਪਤਾਲ ਦੇ ਡਾਕਟਰ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਪਰ ਡਾਕਟਰ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਚੈਨ ਨਾਲ ਨਹੀਂ ਬੈਠਣਗੇ। ਇਸ ਦੌਰਾਨ ਪੁੱਜੇ ਥਾਣਾ ਸਿਟੀ-1 ਦੇ ਐੱਸਐੱਚਓ ਵੱਲੋਂ ਦਿੱਤੇ ਗਏ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ।