ਮੌਤ ਮਾਮਲਾ: ਇਨਸਾਫ਼ ਲਈ ਲਾਇਆ ਜਾਮ
ਪੱਤਰ ਪ੍ਰੇਰਕ
ਲਹਿਰਾਗਾਗਾ, 11 ਅਕਤੂਬਰ
ਸੀਵਰੇਜ ਵਿੱਚ ਵੜਨ ਕਾਰਨ ਮੌਤ ਦੇ ਮੂੰਹ ਪਏ ਨਗਰ ਕੌਂਸਲ ਲਹਿਰਗਾਗਾ ਦੇ ਸਫ਼ਾਈ ਕਰਮਚਾਰੀ ਸੁਖਵਿੰਦਰ ਸਿੰਘ ਹੈਪੀ ਦੀ ਪਰਿਵਾਰ ਨੂੰ ਇਨਸਾਫ਼ ਦਿਵਾਉਨ ਲਈ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੱਦੇ ’ਤੇ ਸ਼ਹਿਰ ’ਚ ਰੋਸ ਮਾਰਚ ਕਰਕੇ ਗਾਗਾ ਕੈਂਚੀਆਂ ’ਚ ਦੋ ਘੰਟੇ ਰੋਡ ਜਾਮ ਕੀਤਾ ਗਿਆ। ਜਥੇਬੰਦੀ ਵੱਲੋਂ ਮ੍ਰਿਤਕ ਹੈਪੀ ਦੇ ਵਾਰਸਾਂ ਨੂੰ ਇਨਸਾਫ਼ ਦਿਵਾਉਨ ਲਈ 36 ਦਿਨਾਂ ਤੋਂ ਐੱਸਡੀਐੱਮ ਦਫਤਰ ਲਹਿਰਾਗਾਗਾ ਦੇ ਅੱਗੇ ਪੱਕਾ ਧਰਨਾ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸਵਿਲ ਪ੍ਰਸ਼ਾਸਨ ਨਗਰ ਕੌਂਸਲ ਲਹਿਰਾਗਾਗਾ ਨੇ ਪਰਿਵਾਰ ਪਰਿਵਾਰ ਨੂੰ 18 ਲੱਖ ਰੁਪਿਆ ਮੁਆਵਜ਼ਾ ਇੱਕ ਸਰਕਾਰੀ ਨੌਕਰੀ ਦੇਣ ਦਾ ਲਿਖ਼ਤੀ ਸਮਝੌਤਾ ਕੀਤਾ ਸੀ। ਆਗੂੁਆਂ ਨੇ ਕਿਹਾ ਕਿ ਸਿਰਫ 10 ਲੱਖ ਰੁਪਏ ਦੇ ਕੇ ਬਾਕੀ ਦੀਆਂ ਮੰਗਾਂ ਤੋਂ ਪ੍ਰਸ਼ਾਸਨ ਤੇ ਸਰਕਾਰ ਭੱਜ ਰਹੀ ਹੈ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਛਾਜਲੀ, ਵਿੱਤ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਲਹਿਲ ਕਲਾਂ, ਭਾਰਤ ਦੀ ਕ੍ਰਾਂਤੀਕਾਰੀ ਮਜ਼ਦੂਰ ਪਾਰਟੀ ਵਿਗਾਸ ਬੱਬੀ ਲਹਿਰਾਗਾਗਾ ਨੇ ਕਿਹਾ ਕਿ ਅੱਜ ਦੇ ਇਸ ਤਕਨੀਕੀ ਯੁੱਗ ’ਚ ਵੀ ਸਫ਼ਾਈ ਕਰਮੀਆਂ ਨੂੰ ਸੁਰੱਖਿਆ ਉਪਕਰਨਾਂ ਤੋਂ ਬਿਨਾ ਹੀ ਸਫ਼ਾਈ ਲਈ ਸੀਵਰੇਜ ’ਚ ਉਤਾਰ ਦਿੱਤਾ ਜਾਂਦਾ ਹੈ, ਜੋ ਕਿ ਮਜ਼ਦੂਰਾਂ ਦੇ ਹੱਕਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵਾਅਦੇ ਅਨੁਸਾਰ ਪੀੜਤ ਪਰਿਵਾਰ ਨੂੰ ਨੌਕਰੀ ਤੇ ਬਕਾਇਆ 8 ਲੱਖ ਰੁਪਿਆ ਦੇਵੇ।