ਜਾਨਲੇਵਾ ਸਿੱਖਿਆ
ਸੋਮਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨਾਲ ‘ਪ੍ਰੀਕਸ਼ਾ ਪੇ ਚਰਚਾ’ ਸਮਾਗਮ ਕਰ ਰਹੇ ਸਨ ਤਾਂ ਰਾਜਸਥਾਨ ਦੇ ਕੋਟਾ ਸ਼ਹਿਰ ਤੋਂ 18 ਸਾਲਾ ਵਿਦਿਆਰਥਣ ਦੀ ਖੁਦਕੁਸ਼ੀ ਦੀ ਖ਼ਬਰ ਆ ਗਈ। ਇਸ ਦੇ ਨਾਲ ਹੀ ਪੰਜਾਬ ਦੇ ਸੰਗਰੂਰ ਜਿ਼ਲੇ ਵਿਚ ਮੈਰੀਟੋਰੀਅਸ ਸਕੂਲ, ਘਾਬਦਾਂ ਦੇ 12 ਸਾਲ ਦੇ ਵਿਦਿਆਰਥੀ ਨੇ ਉਦੋਂ ਖੁਦਕੁਸ਼ੀ ਕਰ ਲਈ ਜਿਸ ਬਾਰੇ ਸੁਣਨ ਵਿਚ ਆਇਆ ਹੈ ਕਿ ਸਕੂਲ ਵਲੋਂ ਉਸ ਵਿਦਿਆਰਥੀ ਦੇ ਖਰਾਬ ਅੰਕਾਂ ਬਾਬਤ ਉਸ ਦੇ ਮਾਪਿਆਂ ਨੂੰ ਇਤਲਾਹ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਆਪਣੇ ਸੁਨੇਹੇ ਵਿਚ ਵਿਦਿਆਰਥੀਆਂ ਨੂੰ ਦੂਜਿਆਂ ਦੀ ਥਾਂ ਆਪਣੇ ਆਪ ਨਾਲ ਮੁਕਾਬਲਾ ਕਰਨ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਪ੍ਰੀਖਿਆਵਾਂ ’ਚੋਂ ਪ੍ਰਾਪਤ ਕੀਤੇ ਅੰਕਾਂ ਨੂੰ ਆਪਣੀ ਤ੍ਰਿਪਤੀ ਦਾ ਸਾਧਨ ਨਾ ਬਣਾਉਣ ਦੀ ਨਸੀਹਤ ਦੇ ਰਹੇ ਸਨ। ਇਹ ਸਲਾਹ ਵਾਕਈ ਵਧੀਆ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ। ਕੋਟਾ ਵਿਚ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਉਸ ਮੁਟਿਆਰ ਦੇ ਖੁਦਕੁਸ਼ੀ ਨੋਟ ਦੇ ਮਾਰਮਿਕ ਸ਼ਬਦ ਅਜਿਹੇ ਤੰਤਰ ਨੂੰ ਬੇਨਕਾਬ ਕਰਦੇ ਹਨ ਜਿਸ ਵਿਚ ਸਾਡੇ ਬੱਚਿਆਂ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਜਜ਼ਬਾਤੀ ਲੋੜਾਂ ਨੂੰ ਨਜ਼ਰਅੰਦਾਜ਼ ਕਰਨ ਦਾ ਕੋਈ ਮਲਾਲ ਨਜ਼ਰ ਨਹੀਂ ਆਉਂਦਾ। ਉਸ ਦੇ ਆਖਿ਼ਰੀ ਸ਼ਬਦਾਂ ਤੋਂ ਨਾਉਮੀਦੀ, ਬੇਵਸੀ ਅਤੇ ਅਪਰਾਧ ਬੋਧ ਹੁੰਦਾ ਹੈ। ਇਨ੍ਹਾਂ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਸਾਡੇ ਸਮਾਜ ਨੂੰ ਹੁਣ ਬੱਚਿਆਂ ਅਤੇ ਉਨ੍ਹਾਂ ਦੇ ਅਠਖੇਲੀਆਂ ਤੇ ਹਾਸਿਆਂ ਦੀ ਕੋਈ ਪ੍ਰਵਾਹ ਨਹੀਂ ਰਹਿ ਗਈ।
ਪ੍ਰੀਖਿਆਵਾਂ ਅਤੇ ਦਾਖ਼ਲਿਆਂ ਦੀ ਪ੍ਰਕਿਰਿਆ ਇੰਨੀ ਬੇਕਿਰਕ ਬਣਾ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਮਾਪਿਆਂ ਦੀਆਂ ਖਾਹਿਸ਼ਾਂ ਦਾ ਬੋਝ ਬਹੁਤ ਵਧ ਗਿਆ ਹੈ ਕਿ ਕਈ ਵਿਦਿਆਰਥੀ ਇਸ ਨੂੰ ਝੱਲਣ ਤੋਂ ਜਵਾਬ ਦੇ ਦਿੰਦੇ ਹਨ ਅਤੇ ਉਹ ਕੋਈ ਅਜਿਹਾ ਸਿਰੇ ਦਾ ਕਦਮ ਉਠਾਉਣ ਲਈ ਮਜਬੂਰ ਹੋ ਜਾਂਦੇ ਹਨ। ਸਾਡੀ ਸਿੱਖਿਆ ਪ੍ਰਣਾਲੀ ਵਿਚ ਅਜੇ ਤਾਈਂ ਇਨ੍ਹਾਂ ਦਬਾਵਾਂ ਅਤੇ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਦੀ ਹਕੀਕਤ ਨੂੰ ਪ੍ਰਵਾਨ ਨਹੀਂ ਕੀਤਾ ਜਾ ਰਿਹਾ। 15 ਤੋਂ 30 ਸਾਲ ਦੀ ਉਮਰ ਤੱਕ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਖੁਦਕੁਸ਼ੀ ਹੈ। ਸਾਡੇ ਕੌਮੀ ਮਨ-ਮਸਤਕ ਵਿਚ ਅਜੇ ਤਾਈਂ ਇਸ ਸਮੱਸਿਆ ਨੂੰ ਕੋਈ ਜਗ੍ਹਾ ਹੀ ਨਹੀਂ ਮਿਲ ਸਕੀ ਜੋ ਆਪਣੇ ਆਪ ਵਿਚ ਹੀ ਚਿੰਤਾ ਦਾ ਸਵਾਲ ਹੈ।
ਕੋਟਾ ਵਿਚ ਕੋਚਿੰਗ ਸਨਅਤ ਦਾ ਸਾਲਾਨਾ ਕਾਰੋਬਾਰ 12 ਹਜ਼ਾਰ ਕਰੋੜ ਰੁਪਏ ’ਤੇ ਪੁੱਜ ਗਿਆ ਹੈ। ਵਿਦਿਆਰਥੀ ਭਲਾਈ ਦਾ ਸਵਾਲ ਕਿਸੇ ਤਰਜੀਹ ਦਾ ਹਿੱਸਾ ਹੀ ਨਹੀਂ ਹੈ। ਪਿਛਲੇ ਸਾਲ ਉੱਥੇ ਕੋਚਿੰਗ ਲੈ ਰਹੇ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਰੁਝਾਨ ਤੋਂ ਬਾਅਦ ਕੋਚਿੰਗ ਕੇਂਦਰਾਂ ਨੂੰ ਮੌਜ ਮਸਤੀ ਦੀਆਂ ਸਰਗਰਮੀਆਂ ਸ਼ੁਰੂ ਕਰਨ ਲਈ ਕਿਹਾ ਗਿਆ ਸੀ। ਜਿ਼ਲਾ ਕੁਲੈਕਟਰ ਨੂੰ ਹੋਸਟਲਾਂ ਵਿਚ ਹਫ਼ਤਾਵਾਰੀ ਡਿਨਰ ਦਾ ਇੰਤਜ਼ਾਮ ਕਰਨ ਅਤੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ’ਤੇ ਚਰਚਾ ਕਰਨ ਲਈ ਕਿਹਾ ਗਿਆ ਸੀ। ਇਹ ਚੰਗੀ ਪਹਿਲ ਹੈ ਪਰ ਜਿਹੜੇ ਬੱਚਿਆਂ ਨੂੰ ਇੰਜਨੀਅਰਿੰਗ ਜਾਂ ਮੈਡੀਕਲ ਦੀਆਂ ਦਾਖ਼ਲਾ ਪ੍ਰੀਖਿਆਵਾਂ ਵਿਚ ਸਫਲਤਾ ਦੀ ਉਮੀਦ ਘੱਟ ਹੈ ਤਾਂ ਉਨ੍ਹਾਂ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਨੂੰ ਆਰਟਸ ਜਾਂ ਹੋਰਨਾਂ ਵਿਸ਼ਿਆਂ ਨੂੰ ਚੁਣਨ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਗੱਲ ਮਾਪਿਆਂ ਦੀ ਸਮਝ ਵਿਚ ਆਉਣੀ ਬਹੁਤ ਜ਼ਰੂਰੀ ਹੈ। ਇਹ ਗੱਲ ਸੰਜੀਦਗੀ ਨਾਲ ਵਿਚਾਰਨ ਦਾ ਵੇਲਾ ਹੈ।