ਟਰੰਪ ’ਤੇ ਜਾਨਲੇਵਾ ਹਮਲਾ ‘ਵੱਡੀ ਸੁਰੱਖਿਆ ਨਾਕਾਮੀ’ ਸੀ: ਸੰਸਦੀ ਰਿਪੋਰਟ
ਵਾਸ਼ਿੰਗਟਨ, 21 ਅਕਤੂਬਰ
ਅਗਾਮੀ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਜੁਲਾਈ ਮਹੀਨੇ ਪੈਨਸਿਲਵੇਨੀਆ ਵਿਚ ਚੋਣ ਰੈਲੀ ਦੌਰਾਨ ਹੋਏ ਜਾਨਲੇਵਾ ਹਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ‘ਇਹ ਹਮਲਾ ਰੋਕਿਆ ਜਾ ਸਕਦਾ ਸੀ ਤੇ ਇਹ ਨਹੀਂਂ ਹੋਣਾ ਚਾਹੀਦਾ ਸੀ।’ ਕਮੇਟੀ ਨੇ ਆਪਣੀ ਖੋਜ ਵਿਚ ਹਮਲੇ ਨੂੰ ‘ਸੁਰੱਖਿਆ ਏਜੰਸੀਆਂ ਦੀ ਵੱਡੀ ਨਕਾਮੀ’ ਕਰਾਰ ਦਿੱਤਾ ਹੈ। ਹਮਲਾਵਰ ਵੱਲੋਂ ਚਲਾਈਆਂ ਗੋਲੀਆਂ ’ਚੋਂ ਇਕ ਗੋਲੀ ਟਰੰਪ ਦੇ ਕੰਨ ਨੂੰ ਛੂਹ ਕੇ ਲੰਘ ਗਈ ਸੀ, ਜਦੋਂਕਿ ਰੈਲੀ ਵਿਚ ਮੌਜੂਦ ਦੋ ਲੋਕ ਜ਼ਖ਼ਮੀ ਹੋ ਗਏ ਸਨ। ਸੁਰੱਖਿਆ ਕਰਮੀਆਂ ਨੇ ਇਸ ਹਮਲਾਵਰ ਨੂੰ ਮੌਕੇ ’ਤੇ ਹੀ ਮਾਰ ਮੁਕਾਇਆ ਸੀ। ਰਿਪੋਰਟ ਵਿਚ ਸਦਨ ਤੇ ਸੈਨੇਟ (ਦੋਵਾਂ) ਦੇ ਮੈੈਂਬਰਾਂ ਨੇ ਸਵਾਲ ਕੀਤਾ ਹੈ ਕਿ ਸੀਕਰੇਟ ਸਰਵਿਸ ਨੇ ਚੋਣ ਰੈਲੀ ਦੌਰਾਨ ਸਥਾਨਕ ਅਥਾਰਿਟੀਜ਼ ਨਾਲ ਰਾਬਤਾ ਕਰਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਕਿਉਂ ਨਹੀਂ ਨਿਭਾਈ। -ਏਪੀ
ਸੁਰੱਖਿਆ ਏਜੰਸੀਆਂ ਤੇ ਪੁਲੀਸ ਵਿਚਾਲੇ ਤਾਲਮੇਲ ਦੀ ਘਾਟ
ਕਾਨੂੰਨਸਾਜ਼ਾਂ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਸੀਕਰੇਟ ਸਰਵਿਸ, ਪੈਨਸਿਲਵੇਨੀਆ ਸਟੇਟ ਤੇ ਸਥਾਨਕ ਪੁਲੀਸ ਦਰਮਿਆਨ ਤਾਲਮੇਲ ਦੀ ਵੱਡੀ ਘਾਟ ਰਹੀ ਪਰ ਸੁਰੱਖਿਆ ਵਿਚ ਸੰਨ੍ਹ ਦਾ ਸਾਰਾ ਠੀਕਰਾ ਸੀਕਰੇਟ ਸਰਵਿਸ ਸਿਰ ਭੰਨ੍ਹ ਦਿੱਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਕਿ ‘ਸੰਘੀ, ਸੂਬਾਈ ਤੇ ਸਥਾਨਕ ਪੁਲੀਸ ਕਰਮੀ ਤੇ ਸੁਰੱਖਿਆ ਅਧਿਕਾਰੀ ਥੌਮਸ ਮੈਥਿਊ ਕਰੂਕਸ ਨੂੰ ਕਿਸੇ ਵੀ ਪੜਾਅ ’ਤੇ ਡੱਕ ਸਕਦੇ ਸਨ।’ -ਏਪੀ