ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨਾ ਸਮੇਂ ਦੀ ਜ਼ਰੂਰਤ
ਡਾ. ਸਤਿੰਦਰ ਸਿੰਘ
ਮਨੁੱਖੀ ਗ਼ਲਤੀਆਂ ਕਾਰਨ ਧਰਤੀ ’ਤੇ ਵਧ ਰਿਹਾ ਪ੍ਰਦੂਸ਼ਣ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ। ਤੇਜ਼ੀ ਨਾਲ ਵਧ ਰਿਹਾ ਤਾਪਮਾਨ ਪੂਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਹੈ। ਪਾਣੀ ਦੇ ਸੰਕਟ ਦਾ ਖਮਿਆਜ਼ਾ ਮਨੁੱਖੀ ਜੀਵਾਂ ਦੇ ਨਾਲ-ਨਾਲ ਜੀਵ ਜੰਤੂ ਅਤੇ ਜੰਗਲ ਵੀ ਭੁਗਤ ਰਹੇ ਹਨ। 50 ਸਾਲ ਪਹਿਲਾਂ ਜਦੋਂ ਜਲ, ਜੰਗਲ, ਜ਼ਮੀਨ ਅਤੇ ਹਵਾ ਵੱਧ ਪ੍ਰਦੂਸ਼ਿਤ ਹੋਣ ਲੱਗੀ ਤਾਂ ਸੰਯੁਕਤ ਰਾਸ਼ਟਰ ਨੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ 5 ਜੂਨ 1974 ਨੂੰ ਪਹਿਲੀ ਵਾਰ ਸੰਸਾਰ ਵਾਤਾਵਰਨ ਦਿਨ ਮਨਾਉਣ ਦੀ ਸ਼ੁਰੂਆਤ ਕੀਤੀ। 143 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ ਅਤੇ ਸਮਾਜ ਸੇਵੀ ਤੇ ਵਿੱਦਿਅਕ ਸੰਸਥਾਵਾਂ ਹਰ ਸਾਲ 5 ਜੂਨ ਨੂੰ ਸਮਾਗਮ ਕਰ ਕੇ ਸਮਾਜ ਨੂੰ ਵਾਤਾਵਰਨ ਸੰਭਾਲ ਬਾਰੇ ਜਾਗਰੂਕ ਕਰਨ ਦੇ ਉਪਰਾਲੇ ਕਰਦੀਆਂ ਹਨ। ਸੰਯੁਕਤ ਰਾਸ਼ਟਰ ਦੇ ਵਾਤਾਵਰਨ ਸੰਭਾਲ ਪ੍ਰੋਗਰਾਮ ਤਹਿਤ ਹਰ ਸਾਲ ਵਾਤਾਵਰਨ ਦਿਨ ਦਾ ਥੀਮ ਦਿੱਤਾ ਜਾਂਦਾ ਹੈ; 2024 ਲਈ ਥੀਮ ‘ਸਾਡੀ ਧਰਤੀ ਸਾਡਾ ਭਵਿੱਖ’ ਹੈ।
ਸਮੂਹ ਗ੍ਰਹਿਆਂ ਵਿੱਚੋਂ ਧਰਤੀ ਸਭ ਤੋਂ ਉੱਤਮ ਗ੍ਰਹਿ ਮੰਨਿਆ ਜਾਂਦਾ ਹੈ। ਸਾਡੇ ਗਿਆਨ ਮੁਤਾਬਕ ਸਿਰਫ਼ ਧਰਤੀ ਉੱਪਰ ਹੀ ਸੁਚੱਜਾ ਜੀਵਨ ਸੰਭਵ ਹੈ। ਇੱਥੇ ਜ਼ਿੰਦਗੀ ਸੁਚਾਰੂ ਢੰਗ ਨਾਲ ਵਿਕਸਤ ਹੋਈ। ਮਨੁੱਖੀ ਜੀਵਨ ਇਸ ਧਰਤੀ ਉੱਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫਾ ਹੈ। ਇਸ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੁੱਧ ਹਵਾ, ਨਿਰਮਲ ਜਲ, ਸੀਤਲ ਚਾਂਦਨੀ ਅਤੇ ਸੁਨਹਿਰੀ ਕਿਰਨਾਂ ਪੈਦਾ ਕੀਤੀਆਂ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ ਪਰ ਮਨੁੱਖ ਨੇ ਜਿਉ-ਜਿਉਂ ਤਰੱਕੀ ਕੀਤੀ, ਕੁਦਰਤ ਦੇ ਅਨਮੋਲ ਤੋਹਫਿਆਂ ਨੂੰ ਕਿਸੇ ਦੈਂਤ ਵਾਂਗ ਲੁੱਟਿਆ ਅਤੇ ਇੱਥੋਂ ਦੇ ਵਾਤਾਵਰਨ ਪ੍ਰਦੂਸ਼ਿਤ ਕਰ ਦਿੱਤਾ ਹੈ।
ਕੁਝ ਲੋਕ ਸਿਰਫ ਹਵਾ ਅਤੇ ਮੌਸਮ ਨੂੰ ਹੀ ਵਾਤਾਵਰਨ ਸਮਝਣ ਦੀ ਭੁੱਲ ਕਰਦੇ ਹਨ। ਸੈਂਕੜੇ ਸਾਲ ਪਹਿਲਾਂ ਵਿਗਿਆਨਕ ਸੋਚ ਵਾਲੇ ਮਹਾਨ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਨ ਨੂੰ ਮਹੱਤਤਾ ਦਿੰਦੇ ਹੋਏ ਆਪਣੀ ਬਾਣੀ ਵਿੱਚ ਪਵਨ (ਹਵਾ) ਨੂੰ ਗੁਰੂ ਦਾ ਦਰਜਾ ਦਿੱਤਾ ਹੈ, ਪਾਣੀ ਨੂੰ ਪਿਤਾ (ਸਭ ਜੀਵਾਂ ਦਾ ਜਨਮਦਾਤਾ) ਅਤੇ ਧਰਤੀ ਨੂੰ ਸਭ ਦੀ ਮਾਂ ਦੱਸਿਆ ਹੈ ਪਰ ਅੱਜ ਦੇ ਮਨੁੱਖ ਨੇ ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਕਿ ਅੱਜ ਮਨੁੱਖ ਦਾ ਆਪਣਾ ਤਾਂ ਕੀ, ਜੀਵ ਜੰਤੂਆਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਹਵਾ ਵਿੱਚ ਨਾਈਟਰੋਜਨ ਆਕਸਾਈਡ, ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਕਲੋਰੋ ਫਲੋਰੋ ਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੀ ਵਧਦੀ ਮਾਤਰਾ ਕਾਰਨ ਮਨੁੱਖ ਨਜ਼ਲਾ, ਜ਼ੁਕਾਮ, ਖਾਂਸੀ, ਦਮਾ ਅਤੇ ਅੱਖਾਂ ਦੇ ਅਨੇਕ ਰੋਗਾਂ ਤੋਂ ਪੀੜਤ ਹੈ। ਸਿਹਤ ਨਾਲ ਸਬੰਧਿਤ ਖੋਜਾਂ ਅਨੁਸਾਰ ਭਾਰਤ ਵਿੱਚ ਬੱਚਿਆਂ ਅੰਦਰ ਸਾਹ ਅਤੇ ਦਮੇ ਦੇ ਬਿਮਾਰੀਆਂ ਦੇ ਮਰੀਜ਼ ਲਗਾਤਾਰ ਵਧ ਰਹੇ ਹਨ।
ਧਰਤੀ ਉਪਰ ਪਾਣੀ ਨੂੰ ਦੂਹਰੀ ਮਾਰ ਪੈ ਰਹੀ ਹੈ: ਪਹਿਲੀ, ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾ ਰਿਹਾ ਹੈ; ਦੂਜੀ, ਪਾਣੀ ਦੀ ਗੁਣਵੱਤਾ ਪ੍ਰਦੂਸ਼ਿਤ ਹੋ ਰਹੀ ਹੈ। ਪੰਜਾਬ ਜਿਸ ਨੂੰ ਪੰਜ ਆਬ ਦੀ ਧਰਤੀ ਕਿਹਾ ਜਾਂਦਾ ਹੈ, ਦਾ ਸਭ ਤੋਂ ਵੱਡਾ ਦਰਿਆ ਸਤਲੁਜ ਜਦੋਂ ਤਿੱਬਤ ਵਿਚੋਂ ਮਾਨਸਰੋਵਰ ਦੇ ਨੇੜੇ ਰਾਕਸ਼ਸਤਾਲ ਝੀਲ ਤੋਂ ਸ਼ੁਰੂ ਹੋ ਕੇ ਸ਼ਿਪਾਕੀ ਦੱਰੇ ਵਿਚੋਂ ਲੰਘ ਕੇ ਭਾਰਤ ਵਿੱਚ ਦਾਖਲ ਹੁੰਦਾ ਹੈ ਤਾਂ ਬੇਹੱਦ ਸਾਫ ਅਤੇ ਨੀਲੇ ਰੰਗ ਦਾ ਹੁੰਦਾ ਹੈ ਪਰ ਜਦੋਂ ਪੰਜਾਬ ਵਿੱਚ ਲੰਘਦਾ ਹੋਇਆ ਹੁਸੈਨੀਵਾਲਾ (ਫਿਰੋਜ਼ਪੁਰ) ਦੇ ਨਜ਼ਦੀਕ ਪਾਕਿਸਤਾਨ ਵਾਲੇ ਪਾਸੇ ਦਾਖ਼ਲ ਹੁੰਦਾ ਹੈ ਤਾਂ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ। ਇਸ ਦੇ ਕੰਢੇ ਵਸੇ ਲੋਕ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਹਾਲਤ ਇਹ ਹੈ ਕਿ ਧਰਤੀ ਉੱਪਰ ਜਾਣੀਆਂ ਪਛਾਣੀਆਂ 17 ਲੱਖ ਜੀਵ ਨਸਲਾਂ ਵਿੱਚੋਂ ਅੱਜ ਕੱਲ੍ਹ ਇੱਕ ਨਸਲ ਪ੍ਰਤੀ ਘੰਟਾ ਵਾਤਾਵਰਨ ਵਿੱਚ ਪ੍ਰਦੂਸ਼ਣ ਕਾਰਨ ਖਤਮ ਹੋ ਰਹੀ ਹੈ।
ਅਜੇ ਵੀ ਸਮਾਂ ਗੁਆਏ ਬਗੈਰ ਵਾਤਾਵਰਨ ਦੀ ਸੰਭਾਲ ਵਿੱਚ ਸੰਜੀਦਾ ਹੋ ਕੇ ਯੋਗਦਾਨ ਪਾਉਣ ਦੀ ਜ਼ਰੂਰਤ ਹੈ। ਜਿ਼ਆਦਾ ਤੋਂ ਜਿ਼ਆਦਾ ਦਰਖਤ ਲਗਾਏ ਜਾਣ, ਪੋਲੀਥੀਨ ਬੈਗ ਦਾ ਪ੍ਰਯੋਗ ਨਾ ਹੋਵੇ, ਮੋਟਰ ਗੱਡੀਆਂ ’ਤੇ ਵਿਸ਼ੇਸ਼ ਕਿਸਮ ਯੰਤਰ ਲਗਾਏ ਜਾਣ, ਲੈੱਡ ਰਹਿਤ ਪਟਰੋਲ ਦੀ ਵਰਤੋਂ ਕੀਤੀ ਜਾਵੇ, ਕਾਰਖਾਨਿਆਂ ਵਿੱਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆਂ ਲੱਗਣ। ਵਾਤਾਵਰਨ ਦੀ ਸੰਭਾਲ ਸਬੰਧੀ ਕਾਨੂੰਨ ਤਾਂ ਦੇਸ਼ ਵਿੱਚ ਬਹੁਤ ਹਨ ਪਰ ਇਨ੍ਹਾਂ ਕਾਨੂੰਨਾਂ ਦਾ ਲਾਭ ਤਾਂ ਹੀ ਹੈ ਜੇ ਸਖ਼ਤੀ ਅਤੇ ਇਮਾਨਦਾਰੀ ਨਾਲ ਲਾਗੂ ਕੀਤੇ ਜਾਣ।
ਚੀਨੀ ਕਹਾਵਤ ਹੈ: ਜੇ ਤੁਸੀਂ ਵਾਤਾਵਰਨ ਬਾਰੇ ਇੱਕ ਦਿਨ ਦੀ ਯੋਜਨਾ ਬਣਾ ਰਹੇ ਹੋ ਤਾਂ ਚੌਲ ਉਗਾ ਦਿਓ, ਜੇ 10 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਦਰੱਖਤ ਲਗਾ ਦਿਉ ਤੇ ਜੇ 100 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਸਿੱਖਿਆ ਦਾ ਪ੍ਰਸਾਰ ਕਰੋ। ਸਮੇਂ ਦੀ ਜ਼ਰੂਰਤ ਅਨੁਸਾਰ, ਸਿੱਖਿਆ ਦੇ ਪਾਠਕ੍ਰਮ ਵਿੱਚ ਵਾਤਾਵਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇ। ਜੇ ਅਜੇ ਵੀ ਵਾਤਾਵਰਨ ਸੰਭਾਲ ਬਾਰੇ ਕੋਈ ਮੁਹਿੰਮ ਸੰਜੀਦਗੀ ਨਾਲ ਨਾ ਛੇੜੀ ਗਈ ਤਾਂ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਹੋਰ ਗੰਭੀਰ ਰੂਪ ਧਾਰਨ ਕਰ ਲਵੇਗੀ।
ਸੰਪਰਕ: 98154-27554