DDCA elections: ਰੋਹਨ ਜੇਤਲੀ ਮੁੜ ਬਣੇ ਡੀਡੀਸੀਏ ਦੇ ਪ੍ਰਧਾਨ
ਨਵੀਂ ਦਿੱਲੀ, 17 ਦਸੰਬਰ
ਰੋਹਨ ਜੇਤਲੀ (35) ਲਗਾਤਾਰ ਤੀਸਰੀ ਵਾਰ ਦਿੱਲੀ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੂੰ ਸੌਖਿਆਂ ਹੀ ਹਰਾ ਦਿੱਤਾ। ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਨੂੰ 1577 ਤੇ ਆਜ਼ਾਦ ਨੂੰ 777 ਵੋਟਾਂ ਪਈਆਂ। ਚੋਣ ਦੌਰਾਨ ਕੁੱਲ 2413 ਵੋਟ ਪਏ ਸੀ ਤੇ ਜਿੱਤ ਲਈ ਕਿਸੇ ਵੀ ਉਮੀਦਵਾਰ ਨੂੰ 1207 ਵੋਟਾਂ ਦੀ ਦਰਕਾਰ ਸੀ। ਇਸ ਤੋਂ ਪਹਿਲਾਂ ਰੋਹਨ 2020 ਵਿੱਚ ਵੀ ਬਿਨਾਂ ਮੁਕਾਬਲਾ ਚੁਣੇ ਗਏ ਸਨ। ਮਰਹੂਮ ਅਰੁਣ ਜੇਤਲੀ 14 ਸਾਲ ਤਕ ਡੀਡੀਸੀਏ ਦੇ ਪ੍ਰਧਾਨ ਰਹੇ। ਰੋਹਨ ਨੂੰ ਬੀਸੀਸੀਆਈ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਦੀ ਹਮਾਇਤ ਸੀ, ਜਿਨ੍ਹਾਂ ਦਾ ਦਿੱਲੀ ਕ੍ਰਿਕਟ ’ਚ ਕਾਫੀ ਦਬਦਬਾ ਮੰਨਿਆ ਜਾਂਦਾ ਹੈ। ਖੰਨਾ ਦੀ ਧੀ ਸ਼ਿਖਾ ਕੁਮਾਰ(1246 ਵੋਟਾਂ) ਨੇ ਉਪ ਪ੍ਰਧਾਨ ਦੀ ਪੋਸਟ ਲਈ ਰਾਕੇਸ਼ ਕੁਮਾਰ ਬਾਂਸਲ(536) ਤੇ ਸੁਧੀਰ ਕੁਮਾਰ ਅਗਰਵਾਲ(498) ਨੂੰ ਹਰਾਇਆ। ਅਸ਼ੋਕ ਸ਼ਰਮਾ (893) ਸਕੱਤਰ, ਹਰੀਸ਼ ਸਿੰਗਲਾ (1328) ਖ਼ਜ਼ਾਨਚੀ ਤੇ ਅਮਿਤ ਗਰੋਵਰ (1189) ਜੁਆਇੰਟ ਸਕੱਤਰ ਵਜੋਂ ਚੁਣੇ ਗਏ। -ਪੀਟੀਆਈ