ਡੀਸੀਪੀ ਅਤੇ ਇੰਸਪੈਕਟਰ ਨੂੰ ਮਿਲੇਗਾ ਮੁੱਖ ਮੰਤਰੀ ਮੈਡਲ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਗਸਤ
ਲੁਧਿਆਣਾ ਪੁਲੀਸ ਵਿੱਚ ਤਾਇਨਾਤ ਦੋ ਅਧਿਕਾਰੀਆਂ ਨੂੰ ਜਲੰਧਰ ਵਿੱਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਜਿਸ ਵਿੱਚ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਅਤੇ ਸਾਈਬਰ ਸੈੱਲ ਦੇ ਇੰਸਪੈਕਟਰ ਜਤਿੰਦਰ ਸਿੰਘ ਸ਼ਾਮਲ ਹਨ। ਦੋਵਾਂ ਅਧਿਕਾਰੀਆਂ ਨੇ ਪੂਰੀ ਇਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਕੰਮ ਕਰ ਕੇ ਪੁਲੀਸ ਦਾ ਮਨੋਬਲ ਉੱਚਾ ਕੀਤਾ ਹੈ। ਦੋਵਾਂ ਅਧਿਕਾਰੀਆਂ ਦੀਆਂ ਚੰਗੀਆਂ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਵੀਰਵਾਰ ਨੂੰ ਜਲੰਧਰ ਵਿੱਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਦੋਵਾਂ ਅਧਿਕਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਨਗੇ।
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ’ਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਹਰ ਪੁਲੀਸ ਮੁਲਾਜ਼ਮ ਅਤੇ ਅਫ਼ਸਰ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਜੋ ਅਧਿਕਾਰੀ ਇਮਾਨਦਾਰੀ ਨਾਲ ਕੰਮ ਕਰਦੇ ਹਨ, ਉਨ੍ਹਾਂ ਨੂੰ ਯਕੀਨੀ ਤੌਰ ’ਤੇ ਸਫਲਤਾ ਮਿਲਦੀ ਹੈ। ਇਸ ਲਈ ਸਾਰੇ ਅਧਿਕਾਰੀ ਅਤੇ ਪੁਲੀਸ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਪਹਿਲਾਂ ਵੀ ਪੰਜ ਵਾਰ ਡੀਜੀਪੀ ਡਿਸਕ ਨਾਲ ਸਨਮਾਨਿਤ ਹੋ ਚੁੱਕੇ ਹਨ। ਉਹ ਸਾਲ 2001 ਵਿੱਚ ਬਤੌਰ ਇੰਸਪੈਕਟਰ ਪੁਲੀਸ ਫੋਰਸ ਵਿੱਚ ਭਰਤੀ ਹੋਏ ਸਨ। ਸਾਲ 2007 ਵਿੱਚ ਉਨ੍ਹਾਂ ਨੂੰ ਡੀਐੱਸਪੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ, ਜਿਸ ਤੋਂ ਬਾਅਦ ਸਾਲ 2013 ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਐੱਸਐੱਸਪੀ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ। ਹੁਣ ਉਹ ਲੁਧਿਆਣਾ ਵਿੱਚ ਡੀਸੀਪੀ ਵਜੋਂ ਕੰਮ ਕਰ ਰਹੇ ਹਨ। ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਦੇਸ਼ ਦੀ ਸੇਵਾ ਕਰਨ ਦਾ ਸ਼ੌਕ ਸੀ। ਉਹ ਫੌਜ ਜਾਂ ਪੁਲੀਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਸਾਲ 2005 ਵਿੱਚ ਉਹ ਪੀਏਪੀ ਫਿਲੌਰ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਅਤੇ ਉਨ੍ਹਾਂ ਦੀ ਪਹਿਲੀ ਪੋਸਟਿੰਗ ਫਿੰਗਰ ਪ੍ਰਿੰਟ ਵਿਭਾਗ ਵਿੱਚ ਹੋਈ ਸੀ ਜਿਸ ਤੋਂ ਬਾਅਦ ਉਹ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਰਹੇ ਤੇ ਹੁਣ ਇੰਸਪੈਕਟਰ ਵਜੋਂ ਕੰਮ ਕਰ ਰਹੇ ਹਨ।