ਡੀਸੀ ਵੱਲੋਂ ਘੱਗਰ ਸਣੇ ਹੋਰ ਨਦੀਆਂ ਨਾਲਿਆਂ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ, ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਦੇਵੀਗੜ੍ਹ/ ਪਟਿਆਲਾ, 27 ਜੂਨ
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹੇ ‘ਚੋਂ ਲੰਘਦੇ ਘੱਗਰ ਸਮੇਤ ਹੋਰ ਨਦੀਆਂ ਨਾਲਿਆਂ ਦਾ ਦੌਰਾ ਕੀਤਾ ਅਤੇ ਪਿਛਲੇ ਸਾਲਾਂ ਦੌਰਾਨ ਹੜ੍ਹਾਂ ਨਾਲ ਪ੍ਰਭਾਵਿਤ ਰਹੇ ਸੰਵੇਦਨਸ਼ੀਲ ਖੇਤਰਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ, ਐੱਸਡੀਐੱਮ ਦੂਧਨਸਾਧਾਂ ਕ੍ਰਿਪਾਲਵੀਰ ਸਿੰਘ ਸਮੇਤ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਜਿੰਦਰ ਘਈ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡੀਸੀ ਨੇ ਸਰਾਲਾ ਕਲਾਂ, ਜਿੱਥੇ ਕਿ ਘੱਗਰ ‘ਤੇ ਪੁਲ ਹੇਠਾਂ ਪਾਣੀ ਦੇ ਬੇਰੋਕ ਲਾਂਘੇ ਲਈ ਸਫਾਈ ਕਰਵਾਈ ਗਈ ਹੈ, ਦਾ ਜਾਇਜ਼ਾ ਲਿਆ। ਉਨ੍ਹਾਂ ਸਨੌਰ ਹਲਕੇ ਦੇ ਪਿੰਡ ਸਿਰਕੱਪੜਾ ਵਿਖੇ ਘੱਗਰ ਅਤੇ ਦੇਵੀਗੜ੍ਹ-ਪਿਹੋਵਾ ਰੋਡ ‘ਤੇ ਸਥਿਤ ਦਰਿਆ ਟਾਂਗਰੀ ਅਤੇ ਮੀਰਾਪੁਰ ਚੋਅ ਅਤੇ ਹਲਕਾ ਸ਼ੁਤਰਾਣਾ ਦੇ ਪਿੰਡ ਬਾਦਸ਼ਾਹਪੁਰ ਵਿੱਚ ਹੋਏ ਪਾਣੀ ਦੀ ਨਿਕਾਸੀ ਦੇ ਹੋਏ ਕੰਮ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ ਹਨ। ਡੀਸੀ ਨੇ ਕਿਹਾ ਕਿ ਲੋੜ ਪੈਣ ‘ਤੇ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਸੰਪਰਕ ਕਰ ਸਕਦੇ ਹਨ।
ਡਰੇਨੇਜ ਵਿਭਾਗ ਵੱਲੋਂ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਤੇਜ਼
ਦੇਵੀਗੜ੍ਹ (ਪੱਤਰ ਪ੍ਰੇਰਕ): ਇੱਥੇ ਡਰੇਨੇਜ ਵਿਭਾਗ ਦੇ ਐੱਸਡੀਓ ਨਿਸ਼ਾਂਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਰਕੰਢਾ, ਟਾਂਗਰੀ, ਘੱਗਰ ਅਤੇ ਮੀਰਾਂਪੁਰ ਚੋਆ ਦੀ ਸਫਾਈ ਅਤੇ ਬੰਨ੍ਹਾਂ ਦੀ ਮੁਰੰਮਤ ਲਈ ਫੰਡ ਮਿਲੇ ਹਨ, ਜਿਨ੍ਹਾਂ ਨਾਲ ਇਨ੍ਹਾਂ ਨਦੀਆਂ, ਨਾਲਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਰਕੰਢੇ ਦੇ ਬੰਨ੍ਹਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਬੰਨ੍ਹਾਂ ਤੇ ਹੋਰ ਮਿੱਟੀ ਪਾ ਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਟਾਂਗਰੀ ਨਦੀ ਦੇ ਬੰਨ੍ਹਾਂ ਨੂੰ ਵੀ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਨਦੀਆਂ ਵਿਚੋਂ ਜੇਸੀਬੀ ਚਲਾ ਕੇ ਸਫਾਈ ਕਰਵਾਈ ਜਾ ਰਹੀ ਹੈ। ਘੱਗਰ ਦਰਿਆ ਦੇ ਮੋੜਾਂ ਤੇ ਜਿੱਥੇ ਕਿ ਕੰਢਿਆਂ ਨੂੰ ਢਾਅ ਲੱਗੀ ਹੈ, ਉਥੇ ਪੱਥਰ ਲਗਾਉਣ ਦੀ ਤਿਆਰੀ ਹੋ ਰਹੀ ਹੈ।