ਡੀਸੀ ਨੇ ਮਾਲੇਰਕੋਟਲਾ ਸੂਫ਼ੀ ਮੇਲੇ ਦੇ ਵੇਰਵੇ ਸਾਂਝੇ ਕੀਤੇ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਦਸੰਬਰ
ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ 14 ਦਸੰਬਰ ਤੋਂ 17 ਦਸੰਬਰ ਤੱਕ ਚਾਰ ਦਿਨਾਂ ‘ਸੂਫ਼ੀ ਮੇਲਾ ਮਾਲੇਰਕੋਟਲਾ’ ਕਰਵਾਇਆ ਜਾ ਰਿਹਾ ਹੈ।
ਡਾ. ਪੱਲਵੀ ਨੇ ‘ਸੂਫ਼ੀ ਮੇਲਾ ਮਾਲੇਰਕੋਟਲਾ’ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ 14 ਦਸੰਬਰ ਨੂੰ ‘ਸ਼ਾਮ-ਏ-ਕੱਵਾਲੀ’ ਦੌਰਾਨ ਸੁਲਤਾਨਾ ਨੂਰਾ ਅਤੇ ਸਥਾਨਕ ਕਲਾਕਾਰ ਕਮਲ ਖ਼ਾਨ ਅਤੇ ਵਕੀਲ ਖ਼ਾਨ ਕਵਾਲੀ ਗਾਇਨ ਕਰਨਗੇ। 15 ਦਸੰਬਰ ਨੂੰ “ ‘ਏਕ ਸ਼ਾਮ,ਸੂਫ਼ੀਆਨਾ ਕਲਾਮ’ ਤਹਿਤ ਕੰਵਰ ਗਰੇਵਾਲ ਤੋਂ ਇਲਾਵਾ ਸਰਦਾਰ ਅਲੀ ਖ਼ਾਨ, ਨਜ਼ੀਰ, ਆਰਿਫ਼ ਮਤੋਈ ਅਤੇ ਅਖ਼ਤਰ ਅਲੀ ਆਪਣਾ ਕਲਾਮ ਪੇਸ਼ ਕਰਨਗੇ। ਇੰਜ ਹੀ 16 ਦਸੰਬਰ ਨੂੰ ‘ਸੂਫ਼ੀਆਨਾ ਮੁਸ਼ਾਇਰੇ’ ਵਿੱਚ ਸੂਫ਼ੀਵਾਦ ਬਾਰੇ ਡਾ. ਮੁਹੰਮਦ ਇਕਬਾਲ ਅਤੇ ਡਾ. ਮੁਹੰਮਦ ਜ਼ਮੀਲ ਖੋਜ ਪੱਤਰ ਪੇਸ਼ ਕਰਨਗੇ ਅਤੇ ਡਾ.ਰੁਬੀਨਾ ਸ਼ਬਨਮ, ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੈਰੀ, ਇਫ਼ਤਖ਼ਾਰ ਸ਼ੇਖ਼, ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ, ਅਜ਼ਮਲ ਖ਼ਾਨ ਸ਼ੇਰਵਾਨੀ, ਰਮਜ਼ਾਨ ਸਯਦ ,ਅਨਵਰ ਆਜ਼ਰ, ਸਾਜਿਦ ਇਸ਼ਹਾਕ ਤੇ ਸ਼ਹਿਨਾਜ਼ ਭਾਰਤੀ ਆਪਣੇ ਕਲਾਮ ਪੇਸ਼ ਕਰਨਗੇ। ਇਨ੍ਹਾਂ ਤੋਂ ਇਲਾਵਾ ਵਨੀਤ ਖ਼ਾਨ ਅਤੇ ਸਲਾਮਤ ਅਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਸਮਾਗਮ ਦੀ ਸਮਾਪਤੀ 17 ਦਸੰਬਰ ਨੂੰ ‘ਜਸ਼ਨ-ਏ-ਸੂਫ਼ੀਆਨਾ ਕਲਾਮ’ ਨਾਲ ਹੋਵੇਗੀ, ਜਿਸ ਵਿੱਚ ਮਾਸਟਰ ਸਲੀਮ, ਸਰਦਾਰ ਅਲੀ,ਪਰਵੇਜ਼ ਝਿੰਜਰ,ਆਬਿਦ ਅਲੀ,ਅਰਹਮ ਅਤੇ ਮੁਹੰਮਦ ਅਨੀਸ਼ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੇ ਸਮਾਗਮ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਸ਼ਾਮ 5 ਵਜੇ ਤੋਂ ਕਰਵਾਏ ਜਾਣਗੇ। ਇਸ ਮੇਲੇ ਦੀ ਕੋਈ ਦਾਖ਼ਲਾ ਟਿਕਟ ਨਹੀਂ ਹੋਵੇਗੀ।