ਡੀਸੀ ਵੱਲੋਂ ਮੁੱਖ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਯਮੁਨਾਨਗਰ, 8 ਅਗਸਤ
ਰਾਦੌਰ ਵਿਧਾਨ ਸਭਾ ਹਲਕੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੇ 12 ਅਗਸਤ ਨੂੰ ਪ੍ਰਸਤਾਵਿਤ ਜਨ ਸੰਵਾਦ ਪ੍ਰੋਗਰਾਮ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਨੇ ਅੱਜ ਪਿੰਡ ਬਕਾਣਾ, ਦਾਮਲਾ ਅਤੇ ਅਲਾਹਰ ਵਿੱਚ ਪ੍ਰੋਗਰਾਮ ਵਾਲੀ ਥਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਆਯੂਸ਼ ਸਿਨਹਾ, ਸੀਈਓ ਜ਼ਿਲ੍ਹਾ ਪ੍ਰੀਸ਼ਦ ਨਵੀਨ ਆਹੂਜਾ, ਐੱਸਡੀਐੱਮ ਰਾਦੌਰ ਅਮਿਤ ਕੁਮਾਰ, ਡੀਡੀਪੀਓ ਸ਼ੰਕਰ ਲਾਲ ਗੋਇਲ, ਡੀਆਈਓ ਵਿਨੈ ਗੁਲਾਟੀ, ਬੀਡੀਪੀਓ ਰਾਦੌਰ ਸ਼ਿਆਮਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਬਕਾਣਾ ਵਿੱਚ ਪਹਿਲਾ ਜਨ ਸੰਵਾਦ ਪ੍ਰੋਗਰਾਮ, ਦੂਜਾ ਜਨ ਸੰਵਾਦ ਪ੍ਰੋਗਰਾਮ ਪਿੰਡ ਦਾਮਲਾ ਦੇ ਕਮਿਊਨਿਟੀ ਹਾਲ ਵਿੱੱਚ ਅਤੇ ਅਲਾਹਰ ਪਿੰਡ ਦਾ ਤੀਜਾ ਜਨ ਸੰਵਾਦ ਪ੍ਰੋਗਰਾਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਜਾਵੇਗਾ । ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰੋਗਰਾਮ ਵਾਲੀ ਥਾਂ ’ਤੇ ਵਧੀਆ ਪ੍ਰਬੰਧ ਕੀਤੇ ਜਾਣ, ਸਾਫ਼-ਸਫ਼ਾਈ ਕਰਵਾਈ ਜਾਵੇ, ਲੋਕਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦਾਮਲਾ ਅਤੇ ਅਲਾਹਰ ਵਿੱਚ 30-30 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਵਿਲੇਜ ਗਿਆਨ ਕੇਂਦਰ ਦਾ ਉਦਘਾਟਨ ਵੀ ਕਰਨਗੇ।