ਡੀਸੀ ਨੇ ਹਥਨੀਕੁੰਡ ਬੈਰਾਜ ਦਾ ਜਾਇਜ਼ਾ ਲਿਆ
ਪੱਤਰ ਪ੍ਰੇਰਕ
ਯਮੁਨਾਨਗਰ, 10 ਜੁਲਾਈ
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਯਮੁਨਾ ਨਦੀ ਦਾ ਪਾਣੀ ਲਾਗਲੇ ਪਿੰਡਾਂ ਦੇ ਰਿਹਾਇਸ਼ੀ ਇਲਾਕਿਆਂ ਅਤੇ ਖੇਤਾਂ ਵਿੱਚ ਦਾਖਲ ਹੋ ਗਿਆ ਹੈ। ਕਈ ਪਿੰਡਾਂ ਦਾ ਸੜਕਾਂ ਨਾਲ ਸੰਪਰਕ ਟੁੱਟ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਨੇ ਆਪਣੀ ਟੀਮ ਨਾਲ ਹਥਨੀਕੁੰਡ ਬੈਰਾਜ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਸਬੰਧਤ ਅਧਿਕਾਰੀ ਆਪੋ-ਆਪਣੇ ਖੇਤਰਾਂ ਵਿੱਚ ਸਥਿਤੀ ਨੂੰ ਸੰਭਾਲ ਰਹੇ ਹਨ, ਇਸ ਕਰਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਲਈ ਭੋਜਨ, ਪੀਣ ਵਾਲੇ ਪਾਣੀ, ਦਵਾਈਆਂ ਅਤੇ ਸੁਰੱਖਿਅਤ ਠਹਿਰਾਅ ਦਾ ਪ੍ਰਬੰਧ ਕਰਨ ਲਈ ਕਿਹਾ ਤਾਂ ਕਿ ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਨਾ ਆਏ।
ਯਮੁਨਾਨਗਰ ਵਿੱਚ ਸਿੰਜਾਈ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਆਰਐਸ ਮਿੱਤਲ ਨੇ ਦੱਸਿਆ ਕਿ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਵੱਧ ਬਾਰਿਸ਼ ਕਾਰਨ ਹਥਨੀਕੁੰਡ ਬੈਰਾਜ ਵਿੱਚ 3 ਲੱਖ ਕਿਊਸਿਕ ਤੋਂ ਵੱਧ ਪਾਣੀ ਪਹੁੰਚਿਆ ਹੈ। ਸੋਮ ਅਤੇ ਪਥਰਾਲਾ ਨਦੀਆਂ ਦੇ ਪਾਣੀ ਸਮੇਤ 3.50 ਲੱਖ ਕਿਊਸਿਕ ਪਾਣੀ ਯਮੁਨਾ ਵਿੱਚ ਛੱਡਿਆ ਗਿਆ ਹੈ ਜੋ ਮੰਗਲਵਾਰ ਤੱਕ ਦਿੱਲੀ ਪਹੁੰਚ ਜਾਵੇਗਾ। ਇਸੇ ਬਾਰੇ ਹਰਿਆਣਾ ਦੇ ਯਮੁਨਾ ਦੇ ਨਾਲ ਲੱਗਦੇ ਇਲਾਕਿਆਂ ਦੇ ਨਾਲ-ਨਾਲ ਦਿੱਲੀ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਦਾਦੂਪੁਰ ਨਹਿਰ ਬੰਦ ਹੈ, ਫਿਰ ਵੀ ਇਸ ਵਿੱਚ ਬਰਸਾਤ ਦਾ ਪਾਣੀ ਦਾਖ਼ਲ ਹੋ ਗਿਆ ਹੈ, ਜਿਸ ਕਾਰਨ ਭੁਖੜੀ ਨੇੜੇ ਨਹਿਰ ਵਿੱਚ ਪਾੜ ਪੈ ਗਿਆ ਹੈ ਅਤੇ ਪਾਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ ਹੈ।