ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਡੀਸੀ ਦਫ਼ਤਰ ਦਾ ਘਿਰਾਓ
ਲਾਜਵੰਤ ਸਿੰਘ
ਨਵਾਂਸ਼ਹਿਰ, 4 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਆੜ੍ਹਤੀ ਐਸੋਸੀਏਸ਼ਨ ਨਵਾਂਸ਼ਹਿਰ ਅਤੇ ਲੇਬਰ ਜਥੇਬੰਦੀਆਂ ਵਲੋਂ ਡੀਸੀ ਦਫ਼ਤਰ ਅੱਗੇ ਝੋਨੇ ਦੀ ਖ਼ਰੀਦ ਨਾ ਕਰਨ, ਚੁਕਾਈ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ ਤੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਅਵਤਾਰ ਸਿੰਘ ਸਾਧੜਾ ਅਤੇ ਕੁਲਦੀਪ ਸਿੰਘ ਦਿਆਲ ਨੇ ਕਿਹਾ ਕਿ ਸਰਕਾਰ ਸਮਾਂ ਰਹਿੰਦਿਆਂ ਝੋਨਾ ਚੁੱਕਣ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ। ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਮਨਜਿੰਦਰ ਸਿੰਘ ਵਾਲੀਆ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰ ਤੁਰੰਤ ਆੜ੍ਹਤੀ ਐਸੋਸੀਏਸ਼ਨ ਨਾਲ਼ ਗੱਲ ਕਰ ਕੇ ਮੰਗਾਂ ਮੰਨੇ। ਮਜ਼ਦੂਰ ਆਗੂਆਂ ਪ੍ਰਭਾਤ ਕੁਮਾਰ ਅਤੇ ਰਮੇਸ਼ ਮੰਡਲ ਨੇ ਹਰਿਆਣਾ ਦੇ ਮਜ਼ਦੂਰਾਂ ਬਰਾਬਰ ਸਾਫ਼-ਸਫ਼ਾਈ ਦੇ ਰੇਟਾਂ ਦੀ ਮੰਗ ਕੀਤੀ। ਬਾਅਦ ਵਿੱਚ ਡੀਸੀ ਨਵਾਂਸ਼ਹਿਰ ਨੇ ਕਿਸਾਨ, ਮਜ਼ਦੂਰ ਤੇ ਆੜ੍ਹਤੀ ਯੂਨੀਅਨ ਦੇ ਆਗੂਆਂ ਨਾਲ਼ ਮੀਟਿੰਗ ਕੀਤੀ ਤੇ ਭਰੋਸਾ ਦਿਵਾਇਆ ਕਿ ਦੋ ਦਿਨਾਂ ਵਿੱਚ ਮਸਲੇ ਹੱਲ ਹੋ ਜਾਣਗੇ। ਕਿਸਾਨ ਆਗੂਆਂ ਨੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।
ਧਰਨੇ ਨੂੰ ਸੁਰਜੀਤ ਕੌਰ ਉਟਾਲ, ਮਨਜੀਤ ਕੌਰ ਅਲਾਚੌਰ, ਸੁਰਿੰਦਰ ਸਿੰਘ ਮਹਿਰਮਪੁਰ, ਪਰਮਜੀਤ ਸਿੰਘ ਸੰਘਾ, ਅਮਰਜੀਤ ਸਿੰਘ ਬੁਰਜ, ਜਰਨੈਲ ਸਿੰਘ ਕਾਹਮਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇੱਥੇ ਅੱਜ ਤੀਜੇ ਦਿਨ ਵੀ ਪੱਲੇਦਾਰਾਂ, ਆੜ੍ਹਤੀਆਂ ਅਤੇ ਸ਼ੈੱਲਰਾਂ ਮਾਲਕਾਂ ਦੀ ਹੜਤਾਲ ਕਾਰਨ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਅੱਜ ਸ਼ਾਹਕੋਟ ਵਿਚ ਬਾਸਮਤੀ ਦੀ ਖ਼ਰੀਦ ਜ਼ਰੂਰ ਹੋ ਗਈ। ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਦੱਸਿਆ ਕਿ ਸ਼ਾਹਕੋਟ ’ਚ ਅੱਜ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ਵੱਲੋਂ ਤਿੰਨ ਆੜ੍ਹਤੀਏ ਦੀਆਂ ਦੁਕਾਨਾਂ ਤੋਂ ਬਾਸਮਤੀ ਖ਼ਰੀਦੀ ਗਈ ਹੈ। ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਇੱਕੇ ਝੋਨਾ ਲੈ ਕੇ ਆਏ ਹੋਏ ਕਿਸਾਨ ਕਈ ਦਿਨਾਂ ਤੋਂ ਖ਼ੁਆਰ ਰਹੇ ਹਨ। ਸ਼ਾਹਕੋਟ ’ਚ ਲੇਬਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬਿੱਲੂ ਦੀ ਅਗਵਾਈ ਵਿਚ, ਲੋਹੀਆਂ ਖਾਸ ਅਤੇ ਮਹਿਤਪੁਰ ਦੇ ਪੱਲੇਦਾਰਾਂ ਨੇ ਅੱਜ ਚੌਥੇ ਦਿਨ ਵੀ ਰੋਸ ਧਰਨਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਝੋਨੇ ਦੀ ਖ਼ਰੀਦ ’ਚ ਸਹਿਯੋਗ ਨਹੀਂ ਕਰਨਗੇ।
ਸੋਮ ਪ੍ਰਕਾਸ਼ ਨੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ
ਫਗਵਾੜਾ (ਜਸਬੀਰ ਸਿੰਘ ਚਾਨਾ): ਆੜ੍ਹਤੀਆਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਅੱਜ ਵੀ ਆੜ੍ਹਤੀਆਂ ਨੇ ਪ੍ਰਦਰਸ਼ਨ ਜਾਰੀ ਰੱਖਦਿਆਂ ਕੰਮਕਾਜ ਠੱਪ ਰੱਖਿਆ। ਆੜ੍ਹਤੀਆਂ ਦੇ ਸਮਰਥਨ ’ਚ ਅੱਜ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਧਰਨੇ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਢੁੱਕਵਾਂ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਆੜ੍ਹਤੀਆਂ ਵੱਲੋਂ ਸੋਮ ਪ੍ਰਕਾਸ਼ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਤੇ ਕੁਲਵੰਤ ਰਾਏ ਨੇ ਕਿਹਾ ਕਿ ਜੇ ਸਰਕਾਰਾਂ ਨੇ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਤਾਂ ਉਹ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਨਾਲ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਭਾਜਪਾ ਕਿਸਾਨ ਮੋਰਚੇ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ, ਗਗਨ ਸੋਨੀ, ਸਤਪਾਲ ਸਿੰਘ, ਜਤਿੰਦਰ ਸਿੰਘ ਰਣਧੀਰਗੜ੍ਹ, ਉਪਕਾਰ ਜੀਤ ਸਿੰਘ ਦੁੱਗਾਂ, ਪ੍ਰਵੇਸ਼ ਗੁਪਤਾ, ਗਜਾਨੰਦ ਪ੍ਰਸਾਦ, ਵਰਿੰਦਰਾ ਪਾਠਕ, ਅਜੈ ਗੁਪਤਾ, ਜਤਿੰਦਰ ਮੋਹਨ ਸ਼ਰਮਾ, ਅਸ਼ਵਨੀ ਕੁਮਾਰ, ਸ਼ੇਖਰ ਸ਼ਰਮਾ, ਪ੍ਰਬੋਧ ਦੁੱਗਲ, ਅਭਿਨੀਤ ਸ਼ਰਮਾ, ਵਿਕਾਸ ਬਾਂਸਲ, ਜਸਵਿੰਦਰ ਘੁੰਮਣ, ਸੁਰਿੰਦਰ ਮੋਹਨ, ਅੰਮ੍ਰਿਤਪਾਲ ਸਿੰਘ ਖੁੱਲਰ, ਡਿਪਟੀ ਰਾਏ, ਹਰਸ਼ ਕੁਮਾਰ ਆਦਿ ਸ਼ਾਮਲ ਸਨ।