For the best experience, open
https://m.punjabitribuneonline.com
on your mobile browser.
Advertisement

ਸਫ਼ਾਈ ਸੇਵਕਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ

09:10 AM Apr 13, 2024 IST
ਸਫ਼ਾਈ ਸੇਵਕਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ
ਡੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰਦੇ ਹੋਏ ਸਫ਼ਾਈ ਸੇਵਕ।
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 12 ਅਪਰੈਲ
ਮੁਹਾਲੀ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਚਾਰ-ਚੁਫੇਰੇ ਗੰਦਗੀ ਫੈਲਣੀ ਸ਼ੁਰੂ ਹੋ ਗਈ ਹੈ। ਸਫ਼ਾਈ ਕਰਮਚਾਰੀਆਂ ਨੇ ਅੱਜ ਤੀਜੇ ਦਿਨ ਰੋਸ ਪ੍ਰਦਰਸ਼ਨ ਕਰਦਿਆਂ ਹੁਕਮਰਾਨਾਂ ਅਤੇ ਨਿਗਮ ਅਧਿਕਾਰੀਆਂ ਨੂੰ ਰੱਜ ਕੇ ਕੋਸਿਆ।
ਹੜਤਾਲੀ ਸਫ਼ਾਈ ਸੇਵਕ ਅੱਜ ਇੱਥੋਂ ਦੇ ਸੈਕਟਰ-77 ਸਥਿਤ ਲੀਚੀਆਂ ਵਾਲੇ ਬਾਗ ਨੇੜਲੇ ਪਾਰਕ ਵਿੱਚ ਇਕੱਠੇ ਹੋਏ ਅਤੇ ਇੱਥੋਂ ਪੈਦਲ ਰੋਸ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਡੀਸੀ ਦਫ਼ਤਰ ਦੇ ਗੇਟ ਅੱਗੇ ਪਿੱਟ ਸਿਆਪਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਏਡੀਸੀ ਵੱਲੋਂ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਸਮੇਤ ਸਫ਼ਾਈ ਸੇਵਕਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਪਰ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਘਰ-ਘਰ ਜਾ ਕੇ ਕੂੜਾ ਚੁੱਕਣ ਦਾ ਕੰਮ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਘਰ-ਘਰ ਰੁਜ਼ਗਾਰ ਅਤੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦੋਂਕਿ ਸਚਾਈ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਦੋ ਪਬਲਿਕ ਪਖਾਨਿਆਂ ’ਤੇ ਤਾਇਨਾਤ 200 ਸਫ਼ਾਈ ਸੇਵਕਾਂ ਨੂੰ ਫਾਰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਕਾਰਵਾਈ ਨੂੰ ਫੌਰੀ ਰੋਕੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਨੌਕਰੀ ਤੋਂ ਫ਼ਾਰਗ ਕਰਨ ਨਾਲ ਸਬੰਧਤ ਪਰਿਵਾਰ ਵੀ ਸੜਕਾਂ ’ਤੇ ਆ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਗਮ ਪ੍ਰਸ਼ਾਸਨ ਦੀ ਅਜਿਹੀ ਕਿਸੇ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਦੌਰਾਨ ਸ਼ਹਿਰ ਵਿੱਚ ਫੈਲੀ ਗੰਦਗੀ ਅਤੇ ਪੈਦਾ ਹੋਏ ਹਾਲਾਤਾਂ ਲਈ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮੇਅਰ ਅਤੇ ਕਮਿਸ਼ਨਰ ਵੱਲੋਂ ਕਈ ਵਾਰ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਹੁਣ ਤੱਕ ਕੋਈ ਮੰਗ ਪੂਰੀ ਨਹੀਂ ਹੋਈ। ਜਿਸ ਕਾਰਨ ਸਫ਼ਾਈ ਸੇਵਕਾਂ ਨੂੰ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×