ਡੀਸੀ ਦਫਤਰ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ
ਪੱਤਰ ਪ੍ਰੇਰਕ
ਤਰਨ ਤਾਰਨ, 12 ਫਰਵਰੀ
ਇੱਥੋਂ ਦੇ ਡਿਪਟੀ ਕਮਿਸ਼ਨਰ ਵਲੋਂ ਆਪਣੇ ਦਫਤਰ ਦੇ ਵੱਡੀ ਗਿਣਤੀ ਮੁਲਾਜ਼ਮਾਂ ਦੀਆਂ ਕੀਤੀਆਂ ਬਦਲੀਆਂ ਖਿਲਾਫ਼ ਦਫਤਰ ਦੇ ਮੁਲਾਜ਼ਮਾਂ ਵਲੋਂ ਬੀਤੇ ਤਿੰਨ ਹਫਤਿਆਂ ਤੋਂ ਕੀਤੀ ਜਾ ਰਹੀ ਕਲਮਛੋੜ, ਕੰਪਿਊਟਰ ਬੰਦ ਹੜਤਾਲ ਦਾ ਅਸਰ ਅੱਜ ਤੋਂ ਸਾਰੇ ਪੰਜਾਬ ਵਿਚ ਸ਼ੁਰੂ ਹੋ ਗਿਆ ਹੈ ਜਿਸ ਤਹਿਤ ਡੀ ਸੀ ਦਫਤਰਾਂ ਦੇ ਮੁਲਾਜ਼ਮ ਪੰਜਾਬ ਭਰ ਅੰਦਰ ਅੱਜ ਤੋਂ ਤਿੰਨ ਦਿਨ ਦੀ ਹੜਤਾਲ ’ਤੇ ਚਲੇ ਗਏ ਹਨ| ਇਸ ਹੜਤਾਲ ਵਿੱਚ ਪੰਜਾਬ ਦੇ ਐਸਡੀਐਮ, ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਮੁਲਾਜ਼ਮਾਂ ਨੇ ਵੀ ਕੰਮ ਬੰਦ ਕਰ ਦਿੱਤਾ ਹੈ| ਜ਼ਿਲ੍ਹੇ ਅੰਦਰ ਇਸ ਮਾਮਲੇ ਦਾ ਨਿਪਟਾਰਾ ਨਾ ਕੀਤੇ ਜਾਣ ਕਰਕੇ ਜਿਥੇ ਸਰਕਾਰੀ ਕੰਮ ਠੱਪ ਹੋ ਕੇ ਰਹਿ ਗਿਆ ਉਥੇ ਆਮ ਜਨਤਾ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਦਫਤਰ ਦੇ ਮੁਲਾਜ਼ਮਾਂ ਨੇ ਅੱਜ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਇਕ ਰੈਲੀ ਕਰਕੇ ਉਨ੍ਹਾਂ ਦੀਆਂ ਕੀਤੀਆਂ ਬਦਲੀਆਂ ਨੂੰ ਰੱਦ ਨਾ ਕਰਨ ਲਈ ਡਿਪਟੀ ਕਮਿਸ਼ਨਰ ਦੀ ਨਿਖੇਧੀ ਕੀਤੀ ਅਤੇ ਆਪਣੀਆਂ ਬਦਲੀਆਂ ਨੂੰ ਸਾਲ ਦੇ ਸ਼ੁਰੂ ਵਿੱਚ ਇਕ ਵਾਰ ਹੀ ਬਦਲੀਆਂ ਕਰਨ ਦੇ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਆਖਦਿਆਂ ਕੀਤੀਆਂ ਬਦਲੀਆਂ ਨੂੰ ਸਰਕਾਰ ਦੀ ਨੀਤੀ ਖਿਲਾਫ਼ ਕਿਹਾ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਰਵਿੰਦਰ ਸਿੰਘ ਚੀਮਾ ਤੋਂ ਇਲਾਵਾ ਸ਼ਿਵਕਰਨ ਸਿੰਘ ਚੀਮਾ, ਹਰਦਰਸ਼ਨ ਸਿੰਘ, ਨਵਤੇਜ ਸਿੰਘ ਨੇ ਮੰਗਾਂ ਨਾ ਮੰਨਣ ਤਕ ਹੜਤਾਲ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ| ਮੁਲਾਜ਼ਮਾਂ ਨੇ ਅਪੀਲ ਕੀਤੀ ਕਿ ਮੁਲਾਜ਼ਮ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਮਸਲੇ ਹੱਲ ਨਾ ਹੋਣ ’ਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਵਧ ਗਿਆ ਹੈ। ਇਸ ਲਈ ਮਸਲੇ ਜਲਦੀ ਹੱਲ ਕੀਤੇ ਜਾਣ।