ਡੀਸੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਕੀਤੀ ਮੁਲਾਕਾਤ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਦਸੰਬਰ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਹਿਲ ਸਰਕਾਰੀ ਰਿਸੋਰਸ ਸੈਂਟਰ ਕਰਮਪੁਰਾ ਪਹੁੰਚ ਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਵਿਸ਼ਵ ਵਿਕਲਾਂਗਤਾ ਦਿਵਸ ਮਨਾਇਆ। ਉਨ੍ਹਾਂ ਪਹਿਲ ਸੈਂਟਰ ’ਚ ਆ ਰਹੇ 138 ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨਾਲ ਮੁਲਕਾਤ ਕੀਤੀ ਅਤੇ ਉਨ੍ਹਾਂ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ।
ਉਨ੍ਹਾਂ ਸੈਂਟਰ ਵਿੱਚ ਸਟਾਫ ਅਤੇ ਸਫਾਈ ਕਰਮਚਾਰੀਆਂ ਦੀ ਘਾਟ ਸਬੰਧੀ ਆ ਰਹੀਆਂ ਮਸ਼ਕਲਾਂ ਨੂੰ ਮੌਕੇ ’ਤੇ ਹੀ ਹੱਲ ਕਰਦਿਆਂ ਸੈਕਟਰੀ ਰੈੱਡ ਕਰਾਸ ਅੰਮ੍ਰਿਤਸਰ ਨੂੰ ਸਫ਼ਾਈ ਕਰਮਚਾਰੀ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਅੰਮ੍ਰਿਤਸਰ ਕਵਲਜੀਤ ਸਿੰਘ, ਜ਼ਿਲ੍ਹਾ ਸੋਸ਼ਲ ਵੈਲਫੇਅਰ ਅਧਿਕਾਰੀ ਪਲਵ ਸ੍ਰੇਸ਼ਟਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅੰਮ੍ਰਿਤਸਰ-2ਗੁਰਦੇਵ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ। ਧਰਮਿੰਦਰ ਸਿੰਘ ਗਿੱਲ ਨੇ ਪਹਿਲ ਸੈਂਟਰ ਦੇ ਵਿਸ਼ੇਸ਼ ਜਰੂਰਤਾਂ ਵਾਲੇ ਵਿਦਿਆਰਥੀਆਂ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਕੀਤੀਆਂ ਪ੍ਰਾਪਤੀਆਂ ਅਤੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸਮਾਜ ਸੇਵਕ ਪ੍ਰਸ਼ਾਂਤ ਚੌਹਾਨ, ਸੈਕਟਰੀ ਰੈੱਡ ਕਰਾਸ ਅੰਮ੍ਰਿਤਸਰ ਸੈਮਸਨ ਮਸੀਹ, ਸਕੂਲ ਆਫ ਐਮਿਨੇਸ ਕਰਮਪੁਰਾ ਦੇ ਪ੍ਰਿੰਸੀਪਲ ਰਵਿੰਦਰ ਕੌਰ ਰੰਧਾਵਾ ਤੇ ਸਟਾਫ਼ ਹਾਜ਼ਰ ਸੀ।