ਬਾਲ ਮਜ਼ਦੂਰੀ ਬਾਰੇ ਡੀਸੀ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਨਵੰਬਰ
ਬਾਲ ਮਜ਼ਦੂਰੀ ਇਕ ਕਾਨੂੰਨੀ ਅਪਰਾਧ ਹੈ ਤੇ ਜ਼ਿਲ੍ਹੇ ਨੂੰ ਬਾਲ ਮਜ਼ਦੂਰੀ ਮੁਕਤ ਬਣਾਉਣ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਬਾਲ ਮਜਦੂਰਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨਾ ਹੋਵੇਗਾ ਜੋ ਵੀ ਬਾਲ ਮਜ਼ਦੂਰੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਡਿਪਟੀ ਕਮਿਸ਼ਨਰ ਨੇਹਾ ਸਿੰਘ ਮਿੰਨੀ ਸਕੱਤਰੇਤ ਦੇ ਆਡੀਟੋਰੀਅਮ ਵਿਚ ਬਾਲ ਤੇ ਕਿਸ਼ੋਰ ਮਜ਼ਦੂਰੀ ਪ੍ਰਬੰਧਨ ਤੇ ਸੋਧ ਐਕਟ 2016 ਦੇ ਤਹਿਤ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਵਿਚਾਰ ਪ੍ਰਗਟਾਏ। ਉਨ੍ਹਾਂ ਕਿਰਤ ਵਿਭਾਗ ਤੇ ਬਾਲ ਭਲਾਈ ਕੌਂਸਲ ਵੱਲੋਂ ਬਾਲ ਮਜ਼ਦੂਰੀ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਕੰਮਾਂ ਦਾ ਜਾਇਜਾ ਲੈੈਂਦਿਆਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਬੱਚਿਆਂ ਲਈ ਝੁੱਗੀ ਝੌਂਪੜੀਆਂ ਵਾਲੇ ਖੇਤਰਾਂ ਵਿਚ ਵਿਸ਼ੇਸ਼ ਕੈਂਪ ਲਾ ਕੇ ਬਾਲ ਮਜ਼ਦੂਰੀ ਨੂੰ ਰੋਕਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹੈਲਪ ਲਾਈਨ ਨੰਬਰ 1097 ਜਾਰੀ ਕੀਤਾ ਗਿਆ ਹੈ ਜਿਸ ’ਤੇ ਕੋਈ ਵੀ ਵਿਅਕਤੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਦੀ ਗਤੀਵਿਧੀ ਵਿੱਚ ਸ਼ਾਮਲ ਵਿਅਕਤੀ ਖ਼ਿਲਾਫ਼ 20 ਤੋਂ 50 ਹਜ਼ਾਰ ਰੁਪਏ ਤੱਕ ਜੁਰਮਾਨਾ ਤੇ 6 ਮਹੀਨੇ ਕੈਦ ਦੀ ਵਿਵਸਥਾ ਹੈ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਦਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਏਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੋਨੂੰ ਭੱਟ, ਡੀਐੱਸਪੀ ਅਸ਼ੋਕ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਰੋਹਤਾਸ਼ ਵਰਮਾ, ਲੇਬਰ ਵਿਭਾਗ ਦੇ ਇੰਸਪੈਕਟਰ ਸੁਰੇਸ਼ ਕੁਮਾਰ ਮੌਜੂਦ ਸਨ।