ਡੀਸੀ ਵੱਲੋਂ ਆਮ ਆਦਮੀ ਕਲੀਨਿਕ ਤੇ ਸੇਵਾ ਕੇਂਦਰ ਦੀ ਜਾਂਚ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਨਵੰਬਰ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਆਦਮਪੁਰ ਸਬ-ਡਿਵੀਜ਼ਨ ਵਿੱਚ ਆਉਂਦੇ ਆਮ ਆਦਮੀ ਕਲੀਨਿਕ ਅਤੇ ਸੇਵਾ ਕੇਂਦਰ ਦੀ ਅਚਨਚੇਤ ਜਾਂਚ ਕੀਤੀ। ਇਹ ਜਾਂਚ ਅਰਜਨਵਾਲ ਆਮ ਆਦਮੀ ਕਲੀਨਿਕ ਅਤੇ ਚੋਮੋ ਸੇਵਾ ਕੇਂਦਰ ਵਿੱਚ ਆਉਣ ਵਾਲੇ ਲੋਕਾਂ ਨੂੰ ਹੋਰ ਵਧੀਆ ਢੰਗ ਨਾਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੀ ਗਈ। ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਅਤੇ ਸੇਵਾ ਕੇਂਦਰਾਂ ਦੀ ਜਾਂਚ ਦਾ ਮੁੱਖ ਮੰਤਵ ਇਨ੍ਹਾਂ ਸੈਂਟਰਾਂ ਦਾ ਸਹੀ ਢੰਗ ਨਾਲ ਕੰਮ ਕਰਨਾ ਯਕੀਨੀ ਬਣਾਉਣਾ ਹੈ ਅਤੇ ਜੇ ਕੋਈ ਖਾਮੀਆਂ ਹਨ ਤਾਂ ਉਨ੍ਹਾਂ ਨੂੰ ਦੂਰ ਕਰਨਾ ਹੈ। ਉਨ੍ਹਾਂ ਨੇ ਕਲੀਨਿਕ ਵਿੱਚ ਤਾਇਨਾਤ ਅਮਲੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ, ਆਉਣ ਵਾਲੇ ਮਰੀਜ਼ਾਂ, ਆਨਲਾਈਨ ਰਜਿਸਟ੍ਰੇਸ਼ਨ, ਮੈਡੀਕਲ ਜਾਂਚ, ਲੈਬ ਟੈਸਟਾਂ, ਦਵਾਈਆਂ ਦੇ ਸਟਾਕ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਇਲਾਜ ਲਈ ਇੱਥੇ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਕਲੀਨਿਕਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਵੀ ਲਏ। ਉਨ੍ਹਾਂ ਤਾਇਨਾਤ ਅਮਲੇ ਨੂੰ ਹਦਾਇਤਾਂ ਕੀਤੀਆਂ ਕਿ ਲੈਬ ਟੈਸਟਾਂ ਦੀ ਰਿਪੋਰਟ 24 ਘੰਟਿਆਂ ਵਿੱਚ ਮਰੀਜ਼ਾਂ ਨੂੰ ਸੌਂਪਣੀ ਯਕੀਨੀ ਬਣਾਈ ਜਾਵੇ।
ਇਸ ਉਪਰੰਤ ਉਨ੍ਹਾਂ ਵੱਲੋਂ ਚੋਮੋ ਸੇਵਾ ਕੇਂਦਰ ਦਾ ਦੌਰਾ ਕਰ ਕੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਨਾਗਰਿਕ ਸੇਵਾਵਾਂ ਵਿੱਚ ਜ਼ੀਰੋ ਪੈਂਡੇਂਸੀ ਨੂੰ ਬਰਕਰਾਰ ਰੱਖਦਿਆਂ ਲੋਕਾਂ ਦੇ ਬਿਨੈਪੱਤਰਾਂ ਦਾ ਨਿਰਧਾਰਿਤ ਸਮੇਂ ਵਿੱਚ ਨਿਪਟਾਰਾ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ।