ਡੀਸੀ ਨੇ ਖੁਰਦ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਸੰਦੌੜ, 13 ਸਤੰਬਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਲੋਕਾਂ ਦੀਆਂ ਬਰੂਹਾਂ ਤੱਕ ਪ੍ਰਸ਼ਾਸਨਿਕ ਸੇਵਾਵਾਂ ਪੁੱਜਦੀਆਂ ਕਰਨ ਦੇ ਮੰਤਵ ਤਹਿਤ ਪਿੰਡ ਖੁਰਦ ਵਿੱਚ ਜਨ ਸੁਣਵਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਹੁੰਚ ਕੇ ਪਿੰਡ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਐੱਸਡੀਐੱਮ ਅਪਰਨਾ ਐੱਮਬੀ ਵੀ ਮੌਜੂਦ ਸਨ। ਪਿੰਡ ਦੇ ਲੋਕਾਂ ਨੇ ਸਰਕਾਰੀ ਸਕੂਲ ਦਾ ਦਰਜਾ ਵਧਾ ਕੇ 12ਵੀਂ ਤੱਕ ਕਰਨ, ਸਾਫ਼-ਸਫ਼ਾਈ, ਦੂਸ਼ਿਤ ਪਾਣੀ ਦੀ ਨਿਕਾਸੀ, ਛੱਪੜ ਅਤੇ ਖੇਡ ਮੈਦਾਨ ਦੀ ਸਫਾਈ, ਸੜਕ ਦੀ ਮੁਰੰਮਤ, ਕਮਿਊਨਟੀ ਹਾਲ, ਆਂਗਣਵਾੜੀ ਕੇਂਦਰ ਦੀ ਇਮਾਰਤ, ਕੱਚੇ ਘਰਾਂ ਨੂੰ ਪੱਕਾ ਕਰਨ ਆਦਿ ਸਬੰਧੀ ਸਾਂਝੀ ਸਮੱਸਿਆਵਾਂ ਤੋਂ ਇਲਾਵਾ ਰਾਸ਼ਨ ਕਾਰਡ, ਸਿਹਤ ਬੀਮਾ ਕਾਰਡ, ਇੰਤਕਾਲ ਤੇ ਜਮ੍ਹਾਬੰਦੀਆਂ ਵਿੱਚ ਤਰੁੱਟੀਆਂ ਦੀ ਦਰੁਸਤੀ ਸਬੰਧੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਪਿੰਡ ਦੇ ਛੱਪੜ ਵਾਲੇ ਸਥਾਨ ਦਾ ਨਿਰੀਖਣ ਕੀਤਾ ਅਤੇ ਤੁਰੰਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਪਿੰਡ ਦੇ ਛੱਪੜ ਦੀ ਮੁਰੰਮਤ, ਸਾਫ਼-ਸਫਾਈ ਕਰਵਾਉਣ ਦੀ ਹਦਾਇਤ ਕੀਤੀ। ਇਸ ਮੌਕੇ ਬੀਡੀਪੀਓ ਜੁਗਰਾਜ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਲਾਲੀ, ਮੁਹੰਮਦ ਯਾਸ਼ੀਨ, ਡਾ. ਸਤਪਾਲ ਸਿੰਘ , ਸੱਜਣ ਸਿੰਘ, ਗੁਰਪ੍ਰੀਤ ਸਿੰਘ ਅਤੇ ਅਸਲਮ ਮੁਹੰਮਦ ਹਾਜ਼ਰ ਸਨ।