ਸ਼ੁੱਧ ਵਾਤਾਵਰਨ ਦੀ ਬਹਾਲੀ ਲਈ ਡੀਸੀ ਸਖ਼ਤ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਜੁਲਾਈ
ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਅੱਜ ਇਥੇ ਹੋਈ ਮੀਟਿੰਗ ’ਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨੂੰ ਸਪਸ਼ਟ ਕਿਹਾ ਕਿ ਵਾਤਾਵਰਨ ਬਾਰੇ ਤਿਆਰ ਯੋਜਨਾਵਾਂ ਨੂੰ ਸਿਰਫ ‘ਕਾਗਜ਼ੀ’ ਪੱਧਰ ’ਤੇ ਨਹੀਂ ਸਗੋਂ ‘ਜ਼ਮੀਨੀ’ ਪੱਧਰ ’ਤੇ ਲਾਗੂ ਕਰਨਾ ਯਕੀਨੀ ਬਣਾਉਣ। ਇਹ ਮੀਟਿੰਗ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ। ਸ੍ਰੀ ਪਰੇ ਨੇ ਜ਼ਿਲ੍ਹੇ ਅੰਦਰ ਵਾਤਾਵਰਨ ਦੀ ਸ਼ੁੱਧਤਾ, ਪਾਣੀ ਦੀ ਸਾਂਭ-ਸੰਭਾਲ ਅਤੇ ਸਾਫ਼-ਸਫ਼ਾਈ ਰੱਖਣ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਨਿਭਾਉਣ ਲਈ ਆਦੇਸ਼ ਦਿੱਤੇ। ਉਨ੍ਹਾਂ ਸੋਲਡ ਵੇਸਟ ਮੈਨੇਜਮੈਂਟ ਸਬੰਧੀ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੇ ਖਾਤਮੇ ਲਈ ਚਲਾਨ ਕਰਨ ਤੋਂ ਵੀ ਗੁਰੇਜ਼ ਨਾ ਕੀਤਾ ਜਾਵੇ। ਉਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟ ਸਬੰਧੀ ਵੀ ਲੋੜੀਂਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਾਤਾਵਰਣ ਅਤੇ ਪਾਣੀ ਦੀ ਸ਼ੁੱਧਤਾ ਤੋਂ ਇਲਾਵਾ ਸਾਫ਼-ਸਫ਼ਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਐੱਸਡੀਐੱਮ ਮੌੜ ਵਰਿੰਦਰ ਸਿੰਘ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀ ਹਾਜ਼ਰ ਸਨ।