ਡੀਸੀ ਵੱਲੋਂ ਟੀਬੀ ਦੇ ਖਾਤਮੇ ਲਈ ਟਾਸਕ ਫੋਰਸ ਕਾਇਮ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਦਸੰਬਰ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਟੀਬੀ ਦੇ ਖਾਤਮੇ ਲਈ ਟਾਸਕ ਫੋਰਸ ਦਾ ਗਠਨ ਕਰਦਿਆਂ ਹਦਾਇਤ ਕੀਤੀ ਕਿ ਹਰੇਕ ਮਰੀਜ਼ ਦਾ ਰਿਕਾਰਡ ਰੱਖਿਆ ਜਾਵੇ ਅਤੇ ਹਰੇਕ ਲੋੜਵੰਦ ਮਰੀਜ਼ ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਸਹੀ ਖੁਰਾਕ ਦਿੱਤੀ ਜਾਵੇ।
ਅੱਜ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜੋ ਮਰੀਜ਼ ਆਰਥਿਕ ਤੌਰ ਉੱਤੇ ਅਸਮਰੱਥ ਹੋਣ ਕਾਰਨ ਸਹੀ ਖੁਰਾਕ ਨਹੀਂ ਲੈ ਰਹੇ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਪਾਰਕ ਅਦਾਰਿਆਂ, ਰੈੱਡ ਕਰਾਸ, ਧਾਰਮਿਕ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਹਰ ਮਹੀਨੇ ਖੁਰਾਕ ਮੁਹੱਈਆ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਲਈ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਵੀ ਲੈਣ ਦੀ ਹਦਾਇਤ ਕੀਤੀ। ਉਨ੍ਹਾਂ ਆਪਣੇ ਵੱਲੋਂ 10 ਮਰੀਜ਼ ਖੁਰਾਕ ਲਈ ਅਡਾਪਟ ਕਰਨ ਦੀ ਪੇਸ਼ਕਸ਼ ਕੀਤੀ।
ਸ੍ਰੀਮਤੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਟੀ ਬੀ ਨੂੰ ਖਤਮ ਕਰਨ ਵਾਲਾ ਅੰਮ੍ਰਿਤਸਰ ਪਹਿਲਾ ਜ਼ਿਲ੍ਹਾ ਦੇਸ਼ ਭਰ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਲਈ ਜੋ ਵੀ ਸਮਾਂ, ਸਾਧਨ, ਪੈਸਾ ਅਤੇ ਸ਼ਕਤੀ ਲਗਾਉਣ ਦੀ ਲੋੜ ਹੋਈ, ਅਸੀਂ ਲਗਾਵਾਂਗੇ। ਉਨ੍ਹਾਂ ਜ਼ਿਲੇ ਵਿੱਚ ਮੌਜੂਦ 5 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਰਿਹਾਇਸ਼ ਅਨੁਸਾਰ ਮੈਪਿੰਗ ਕਰਨ ਦੀ ਹਦਾਇਤ ਵੀ ਕੀਤੀ।