ਡੀਸੀ ਨੇ ਖੇਤਾਂ ’ਚ ਲੱਗੀ ਅੱਗ ਬੁਝਵਾਈ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਨਵੰਬਰ
ਪਰਾਲੀ ਪ੍ਰਬੰਧਨ ਦੀ ਨਜ਼ਰਸਾਨੀ ਲਈ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਗਿੱਲਪੱਤੀ, ਭੋਖੜਾ, ਖਿਆਲੀਵਾਲਾ, ਗੋਬਿੰਦਪੁਰਾ, ਹਰਰਾਏਪੁਰ, ਢਪਾਲੀ, ਬੀਬੀਵਾਲਾ ਆਦਿ ਪਿੰਡਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਫੇਰੀ ਦੌਰਾਨ ਉਨ੍ਹਾਂ ਵੱਲੋਂ ਆਪਣੇ ਨਾਲ ਮੌਜੂਦ ਕਰਮਚਾਰੀਆਂ ਦੀ ਮਦਦ ਨਾਲ ਪਿੰਡ ਖਿਆਲੀ ਵਾਲਾ ਤੇ ਕਈ ਥਾਵਾਂ ’ਤੇ ਪਰਾਲੀ ਨੂੰ ਲਾਈ ਗਈ ਅੱਗ ਬੁਝਵਾਈ ਗਈ। ਡੀ.ਸੀ. ਨੇ ਕਿਸਾਨਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਦਾ ਵਾਸਤਾ ਪਾਉਂਦਿਆਂ ਪਰਾਲੀ ਨੂੰ ਅੱਗ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਦੁਰਪ੍ਰਭਾਵਾਂ ਬਾਰੇ ਜਾਣੂੰ ਕਰਾਉਂਦਿਆਂ, ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਫ਼ੈਲੇ ਪ੍ਰਦੂਸ਼ਣ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੇ ਬੇਲਰਾਂ ਤੋਂ ਹੋਰ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ, ਜਿਸ ਦੀ ਵਰਤੋਂ ਕਿਸਾਨ ਖੁਦ ਕਰਨ ਅਤੇ ਹੋਰ ਸਾਥੀਆਂ ਨੂੰ ਕਰਾਉਣ ਲਈ ਪ੍ਰੇਰਣ। ਉਨ੍ਹਾਂ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਮਿਲਾ ਕੇ ਵੀ ਕਣਕ ਦੀ ਬਜਿਾਈ ਕੀਤੀ ਜਾ ਸਕਦੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ।