ਡੀਸੀ ਨੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 1 ਜਨਵਰੀ
ਨਵੇਂ ਸਾਲ ਦੇ ਮੌਕੇ ’ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਅੱਜ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਰੂਰਤਮੰਦਾਂ ਨੂੰ ਸਾਮਾਨ ਦਿੱਤਾ ਗਿਆ। ਕੌਂਟਮ ਪੇਪਰਜ਼ ਮਿੱਲ ਵੱਲੋਂ ਰੈੱਡ ਕਰਾਸ ਸੁਸਾਇਟੀ ਨੂੰ ਸਹਿਯੋਗ ਕੀਤਾ ਗਿਆ।
ਇਸ ਮੌਕੇ ਜ਼ਰੂਰਤਮੰਦ ਵਿਅਕਤੀਆਂ ਨੂੰ ਸਿਲਾਈ ਮਸ਼ੀਨ, ਦਿਵਿਆਂਗਾਂ ਨੂੰ ਮੋਟਰਾਈਜ਼ਡ ਟਰਾਈਸਾਈਕਲ, ਰਾਸ਼ਨ ਕਿੱਟਾਂ, ਹਾਈਜੀਨ ਕਿੱਟ ਅਤੇ ਕੰਬਲ ਵੰਡੇ ਗਏ। ਡੀਸੀ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਨਵਾਂ ਸਾਲ ਸਾਰਿਆਂ ਲਈ ਇਕ ਨਵਾਂ ਸੰਕਲਪ ਲੈਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾਣ।
ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰਤਮੰਦਾਂ ਦੀ ਮੱਦਦ ਲਈ ਅੱਗੇ ਆਉਣ। ਇਸ ਮੌਕੇ ਐਸ.ਡੀ.ਐਮ. ਸੰਜੀਵ ਸ਼ਰਮਾ, ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਕੌਂਟਮ ਪੇਪਰਜ਼ ਮਿਲ ਦੇ ਸੀ.ਈ.ਓ ਸੁਸ਼ੀਲ ਖੇਤਾਨ, ਸੀਨੀਅਰ ਜਨਰਲ ਮੈਨੇਜਰ ਅਗੇਸ਼ ਕੁਮਾਰ ਗੁਪਤਾ, ਸੁਸਾਇਟੀ ਦੇ ਮੈਂਬਰ ਰਾਜੀਵ ਬਜਾਜ, ਵਿਨੋਦ ਓਹਰੀ ਆਦਿ ਮੌਜੂਦ ਸਨ।