ਡੀਸੀ ਨੇ ਵਿਦਿਆਰਥੀਆਂ ਨਾਲ ਮਨਾਇਆ ਬਾਲ ਦਿਵਸ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਨਵੰਬਰ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪਿੰਡ ਖੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ ਬਾਲ ਦਿਵਸ ਮਨਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਾਂਬਾਤਾਂ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਚਾਕਲੇਟਾਂ ਵੀ ਵੰਡੀਆਂ।
ਆਪਣੇ ਦੌਰੇ ਦੌਰਾਨ ਡੀਸੀ ਸ੍ਰੀ ਜੋਰਵਾਲ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਮਿਲ ਰਹੀਆਂ ਮਿੱਡ-ਡੇਅ ਮੀਲ ਵਰਗੀਆਂ ਸੁਵਿਧਾਵਾਂ ਅਤੇ ਪੜ੍ਹਾਈ ਦੇ ਪੱਧਰ ਬਾਰੇ ਵੀ ਗੱਲਬਾਤ ਕੀਤੀ। ਡੀ.ਸੀ. ਜਤਿੰਦਰ ਜੋਰਵਾਲ ਨੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ 10ਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਉਪਲਬਧ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿੱਚ ਮਿਸ਼ਨ ਐਕਸੀਲੈਂਸ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਮਕਸਦ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮੈਰਿਟ ਸੂਚੀ ਵਿੱਚ ਲੈ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਸਰਕਾਰੀ ਹਾਈ ਸਕੂਲ ਖੇੜੀ ਦੇ ਵੀ ਚਾਰ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਮੈਰਿਟ ਸੂਚੀ ਵਿੱਚ ਲੈ ਕੇ ਆਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਜਿਸਦੇ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ। ਇਸ ਮੌਕੇ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਬਲਾਕ ਸਿੱਖਿਆ ਅਫ਼ਸਰ ਗੁਰਮੀਤ ਸਿੰਘ ਅਤੇ ਸਕੂਲਾਂ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਸਮਾਣਾ (ਪੱਤਰ ਪ੍ਰੇਰਕ): ਇੱਥੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਲ ਦਿਵਸ ਮੌਕੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੇ ਰੱਸਾ-ਕੱਸੀ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਨੀਤੂ ਦੇਵਗਨ ਵੱਲੋਂ ਵਿਦਿਆਰਥੀਆਂ ਨੂੰ ਬਾਲ ਦਿਵਸ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡੀਪੀ ਅਮਨਦੀਪ ਸਿੰਘ, ਸਾਹਿਲ ਗਰਗ, ਹਨਦੀਪ ਸ਼ਰਮਾ, ਪੂਨਮ, ਮੋਨਿਕਾ, ਸੁਨੀਤਾ ਆਦਿ ਮੌਜੂਦ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਡੀਏਵੀ ਮਾਡਲ ਹਾਈ ਸਕੂਲ ਦੇਵੀਗੜ੍ਹ ਵਿੱਚ ਬਾਲ ਦਿਵਸ ਮੌਕੇ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਦਾ ਉਦਘਾਟਨ ਮੁੱਖ ਮਹਿਮਾਨ ਕ੍ਰਿਪਾਲਵੀਰ ਸਿੰਘ ਐੱਸਡੀਐੱਮ ਦੁਧਨਸਾਧਾਂ, ਇੰਸਪੈਕਟਰ ਕੁਲਵਿੰਦਰ ਸਿੰਘ ਥਾਣਾ ਮੁਖੀ ਜੁਲਕਾਂ, ਹਰਦੇਵ ਸਿੰਘ ਘੜਾਮ ਚੇਅਰਮੈਨ ਲੋਕ ਸੇਵਾ ਮੰਚ, ਸਵਿੰਦਰ ਕੌਰ ਧੰਜੂ ਪ੍ਰਧਾਨ ਮਹਿਲਾ ਵਿੰਗ, ਕਮੇਟੀ ਮੈਂਬਰ ਕਪਿਲ ਗਰਗ, ਗੁਰਪ੍ਰੀਤ ਸਿੰਘ, ਗਣੇਸ਼ੀ ਲਾਲ, ਭਜਨ ਸਿੰਘ ਕੰਬੋਜ਼, ਗੁਲਸ਼ਨ ਕੁਮਾਰ ਅਤੇ ਰਾਜਵਿੰਦਰ ਸਿੰਘ ਹਡਾਣਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦੇਵੀਗੜ੍ਹ ਨੇ ਰਬਿਨ ਕੱਟ ਕੇ ਕੀਤਾ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਸ਼ਬਦ ਗਾ ਕੇ ਕੀਤੀ। ਇਸ ਮੌਕੇ ਬੱਚਿਆਂ ਵੱਲੋਂ ਗਿੱਧਾ, ਭੰਗੜਾ, ਸਕਿੱਟਾਂ, ਗੀਤ ਆਦਿ ਦੀ ਵਧੀਆ ਪ੍ਰੇਸ਼ਕਾਰੀ ਕੀਤੀ ਗਈ। ਪ੍ਰਿੰਸੀਪਲ ਪਰਮਜੀਤ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਕਮੇਟੀ ਮੈਂਬਰ ਗਣੇਸ਼ੀ ਲਾਲ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਵਿਦਿਆਰਥੀਆਂ ਨੇ ਖੇਡਾਂ ਰਾਹੀਂ ਪੇਂਡੂ ਵਿਰਸੇ ਨੂੰ ਕੀਤਾ ਯਾਦ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮਦਿਨ ਨੂੰ ‘ਬਾਲ-ਦਿਵਸ’ ਵਜੋਂ ਮਨਾਇਆ ਗਿਆ। ਵਿਦਿਆਰਥੀਆਂ ਨੇ ਰਵਾਇਤੀ ਪੇਂਡੂ ਖੇਡਾਂ ਕੋਟਲਾ ਛਪਾਕੀ, ਬਾਂਦਰ ਕੀਲਾ, ਪਿੱਠੂ ਖੇਡਦਿਆਂ ਵਿਰਸੇ ਨੂੰ ਯਾਦ ਕੀਤਾ।ਸਵੇਰ ਦੀ ਸਭਾ ਦੌਰਾਨ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਨਹਿਰੂ ਜੀ ਦੇ ਜੀਵਨ ਅਤੇ ਦੇਸ਼ ਦੀ ਤਰੱਕੀ ਲਈ ਪਾਏ ਯੋਗਦਾਨ ਤੋਂ ਜਾਣੂ ਕਰਵਾਇਆ। ਇਸ ਦੌਰਾਨ ਸਕੂਲ ਦੇ ਬੱਚਿਆਂ ਨੂੰ ਕੋਟੜਾ ਤੋਂ ਆਲਮਪੁਰ ਤੱਕ ਨਹਿਰ ਦੇ ਕੰਢੇ ਨੇਚਰ-ਵਾਕ ਕਰਵਾਈ ਗਈ। ਜਿੱਥੇ ਵਿਦਿਆਰਥੀਆਂ ਨੇ ਵੱਖ-ਵੱਖ ਪੌਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਮਿੱਟੀ ਨਾਲ ਆਪਣੀ ਸਾਂਝ ਪਾਈ।
ਸੀਬਾ ਸਕੂਲ ਵਿੱਚ ਪੇਂਡੂ ਖੇਡ ਖੇਡਦੇ ਹੋਏ ਵਿਦਿਆਰਥੀ।