ਡੀਸੀ ਤੇ ਐੱਸਐੱਸਪੀ ਨੇ ਖੇਤਾਂ ਵਿੱਚ ਪੁੱਜ ਕੇ ਅੱਗ ਬੁਝਾਈ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 17 ਅਕਤੂਬਰ
ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਚ ਹੋਏ ਵਾਧੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐੱਸਐੱਸਪੀ ਦਿਹਾਤੀ ਚਰਨਜੀਤ ਸਿੰਘ ਅੱਜ ਖੁਦ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇ ਅਤੇ ਖੇਤਾਂ ਵਿੱਚ ਲੱਗੀ ਅੱਗ ਨੂੰ ਮੌਕੇ ’ਤੇ ਹੀ ਫਾਇਰ ਬ੍ਰਿਗੇਡ ਨੂੰ ਸੱਦ ਕੇ ਬੁਝਾਇਆ ਗਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਡਿਊਟੀ ’ਚ ਲਾਪ੍ਰਵਾਹੀ ਵਰਤਣ ਵਾਲੇ ਨੋਡਲ ਅਫਸਰਾਂ ਅਤੇ ਸਬੰਧਤ ਐੱਸ.ਐੱਚ.ਓ/ਬੀਟ ਅਫਸਰ ਖ਼ਿਲਾਫ਼ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਾਲੀਆ ਹਦਾਇਤਾਂ ਅਨੁਸਾਰ ਅਦਾਲਤ ’ਚ ਕੇਸ ਦਾਇਰ ਕੀਤੇ ਜਾਣ।
ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ (ਦਿਹਾਤੀ) ਸਭ ਤੋਂ ਪਹਿਲਾਂ ਪਿੰਡ ਮਹਿਲਾਂਵਾਲ ਪੁੱਜੇ ਅਤੇ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਇਆ।
ਇਸ ਉਪਰੰਤ ਉਨ੍ਹਾਂ ਅਦਲੀਵਾਲ, ਜਗਦੇਵ ਕਲਾਂ, ਮੱਲੂ ਨੰਗਲਰ, ਸਹਿੰਸਰਾ, ਰਾਜਾਸਾਂਸੀ ਅਤੇ ਹਰਸ਼ਾਛੀਨਾ ਵਿਖੇ ਖੇਤਾਂ ਵਿੱਚ ਲੱਗੀ ਅੱਗ ਨੂੰ ਦੇਖ ਕੇ ਮੌਕੇ ’ਤੇ ਹੀ ਫਾਇਰ ਬ੍ਰਿਗੇਡ ਨੂੰ ਸੱਦ ਕੇ ਅੱਗ ਬੁਝਾਈ ਗਈ।
ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਡਿਊਟੀ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਜ਼ਿੰਮੇਵਾਰ ਵਿਅਕਤੀਆਂ ਸਮੇਤ ਅਧਿਕਾਰੀਆਂ ਨੂੰ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ ’ਤੇ ਜਵਾਬ ਦਾਇਰ ਕਰਨਾ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਹੈਲਪਲਾਈਨ ਨੰਬਰ 0183-2229125 ’ਤੇ ਸੰਪਰਕ ਕਰਨ। ਉਨ੍ਹਾਂ ਪਿੰਡ ਪੱਧਰ ’ਤੇ ਕੰਮ ਕਰ ਰਹੇ ਨੋਡਲ ਅਫਸਰਾਂ ਨੂੰ ਵੀ ਚੈਕ ਕੀਤਾ।
ਪਰਾਲੀ ਫੂਕਣ ਦੇ ਦੋਸ਼ ਹੇਠ ਪਰਿਵਾਰ ਦੇ ਪੰਜ ਜੀਆਂ ਖਿਲਾਫ਼ ਕੇਸ ਦਰਜ
ਤਰਨ ਤਾਰਨ (ਪੱਤਰ ਪ੍ਰੇਰਕ): ਇਲਾਕੇ ਦੇ ਪਿੰਡ ਸੋਹਲ ਵਿੱਚ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਇਕ ਪਰਿਵਾਰ ਦੇ ਪੰਜ ਜੀਆਂ ਖਿਲਾਫ਼ ਝਬਾਲ ਪੁਲੀਸ ਨੇ ਬੀਤੇ ਕੱਲ੍ਹ ਫੌਜਦਾਰੀ ਕੇਸ ਦਰਜ ਕੀਤਾ ਹੈ| ਇਸ ਸਬੰਧੀ ਪਿੰਡ ਦੇ ਪਟਵਾਰੀ-ਕਮ-ਨੋਡਲ ਅਧਿਕਾਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਵਿੱਚ ਪਿੰਡ ਵਾਸੀ ਰਘਬੀਰ ਸਿੰਘ, ਉਸ ਦਾ ਭਰਾ ਕਸ਼ਮੀਰ ਸਿੰਘ, ਲੜਕੇ ਸੁਰਜੀਤ ਸਿੰਘ, ਪਰਗਟ ਸਿੰਘ ਅਤੇ ਹਰਜੀਤ ਸਿੰਘ ਦਾ ਨਾਮ ਸ਼ਾਮਲ ਹੈ।