ਬਠਿੰਡਾ ਵਿੱਚ ਦਿਨ ਦਾ ਪਾਰਾ 44 ਡਿਗਰੀ ਤੱਕ ਪੁੱਜਿਆ
ਸ਼ਗਨ ਕਟਾਰੀਆ
ਬਠਿੰਡਾ, 16 ਮਈ
ਮਾਲਵੇ ਵਿੱਚ ਗਰਮੀ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਮੌਸਮ ਮਾਹਿਰਾਂ ਦੀ ਪੇਸ਼ੀਨਗੋਈ ਹੈ ਕਿ 20 ਮਈ ਤੱਕ ਦਿਨ ਦਾ ਪਾਰਾ 45-46 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ ਅਤੇ ਇਸ ਤੋਂ ਬਾਅਦ ਵੀ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਮੌਸਮ ਮਾਹਿਰਾਂ ਨੇ ਮੀਂਹ ਪੈਣ ਦੀ ਕਿਸੇ ਸੰਭਾਵਨਾ ਤੋਂ ਫਿਲਹਾਲ ਇਨਕਾਰ ਕੀਤਾ ਹੈ।
ਮਾਲਵੇ ਦੀ ਰਾਜਧਾਨੀ ਬਠਿੰਡਾ ’ਚ ਦਿਨ ਦਾ ਪਾਰਾ 44.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਾਹਿਰਾਂ ਦੀ ਮੰਨੀਏ ਤਾਂ ਜੇਠ ਮਹੀਨੇ ਦੀ ਤਪਸ਼ ਅਗਲੇ ਦਿਨੀਂ ਹੋਰ ਵਧੇਗੀ। ਲੂ ਦਾ ਪ੍ਰਕੋਪ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਉਂਜ ਭੋਰਾ ਕੁ ਰਾਹਤ ਵਾਲੀ ਖ਼ਬਰ ਇਹ ਦੱਸੀ ਗਈ ਹੈ ਕਿ ਇਸ ਵਾਰ ਮੌਨਸੂਨ ਹਫ਼ਤਾ-ਦਸ ਦਿਨ ਅਗੇਤੀ ਆ ਸਕਦੀ ਹੈ। ਜਾਣਕਾਰੀ ਅਨੁਸਾਰ ਮੌੌਨਸੂਨ 19 ਜਾਂ 20 ਮਈ ਨੂੰ ਬੰਗਾਲ ਦੀ ਖਾੜੀ ’ਚ ਦਸਤਕ ਦੇ ਸਕਦੀ ਹੈ। ਮੌਨਸੂਨ ਕਿੰਨੀ ਕੁ ਪ੍ਰਭਾਵਸ਼ਾਲੀ ਹੋਵੇਗੀ? ਇਸ ਬਾਰੇ ਅਜੇ ਕੋਈ ਕਿਆਸ ਨਹੀਂ ਕੀਤਾ ਜਾ ਸਕਦਾ। ਉਂਜ ਆਉਂਦੇ ਦਿਨਾਂ ’ਚ ਹੌਲੀ-ਹੌਲੀ ਇਹ ਤਸਵੀਰ ਸਪਸ਼ਟ ਹੋ ਜਾਵੇਗੀ। ਬਠਿੰਡਾ ਖੇਤਰ ’ਚ ਅੱਜ ਹਵਾ ਦੀ ਰਫ਼ਤਾਰ 3.1 ਕਿਲੋਮੀਟਰ ਪ੍ਰਤੀ ਘੰਟਾ ਮਾਪੀ ਗਈ ਅਤੇ ਦੁਪਹਿਰ ਦੀ ਨਮੀ ਸਿਰਫ 14 ਪ੍ਰਤੀਸ਼ਤ ਹੀ ਰਹੀ। ਡਾਕਟਰਾਂ ਦੀ ਸਿਫ਼ਾਰਸ਼ ਹੈ ਕਿ ਲੂ ਅਤੇ ਗਰਮੀ ਤੋਂ ਬਚਣ ਲਈ ਬਗ਼ੈਰ ਜ਼ਰੂਰੀ ਕੰਮ ਤੋਂ ਦੁਪਹਿਰ ਸਮੇਂ ਧੁੱਪ ਵਿੱਚ ਬਾਹਰ ਨਾ ਨਿੱਕਲਿਆ ਜਾਵੇ। ਡਾਇਰੀਆ ਦੀ ਸ਼ਿਕਾਇਤ ਤੋਂ ਬਚਾਅ ਲਈ ਹਲਕਾ ਅਤੇ ਜਲਦੀ ਹਜ਼ਮ ਹੋਣ ਵਾਲੇ ਭੋਜਨ ਤੋਂ ਇਲਾਵਾ ਠੰਢੀ ਤਾਸੀਰ ਵਾਲੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ।
ਗਰਮੀ ਕਾਰਨ ਬਾਜ਼ਾਰਾਂ ਵਿਚੋਂ ਰੌਣਕਾਂ ਗਾਇਬ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਵਿੱਚ ਲੋਕ ਸਭਾ ਚੋਣਾਂ ਕਾਰਨ ਸਿਆਸੀ ਸਰਗਰਮੀਆਂ ਤੇਜ਼ ਹਨ ਪਰ ਮਾਲਵਾ ਖੇਤਰ ਵਿੱਚ ਗਰਮੀ ਦੇ ਕਹਿਰ ਨੇ ਲੋਕਾਂ ਦੇ ਕੰਮਾਂ-ਕਾਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਮਾਨਸਾ ਦੇ ਬਾਜ਼ਾਰ ਵਿੱਚ 1 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰੌਣਕਾਂ ਗਾਇਬ ਰਹੀਆਂ। ਪੰਜਾਬ ਵਿੱਚ ਹੋ ਰਹੀਆਂ ਰਾਜਸੀ ਰੈਲੀਆਂ ਦੌਰਾਨ 43 ਡਿਗਰੀ ਤੋਂ ਵੱਧ ਦਾ ਪਾਰਾ ਸਿਆਸੀ ਨੇਤਾਵਾਂ ਸਮੇਤ ਵਰਕਰਾਂ ਨੂੰ ਤਰੇਲੀਆਂ ਲਿਆਉਣ ਲੱਗਿਆ ਹੈ। ਰਾਜਨੀਤਿਕ ਪਾਰਟੀਆਂ ਨੂੰ ਰੈਲੀਆਂ ਦੌਰਾਨ ਪਾਣੀ ਅਤੇ ਠੰਢਿਆਂ ਦੀਆਂ ਬੋਤਲਾਂ ਦੇ ਬੰਦੋਬਸ਼ਤ ਕਰਨੇ ਪੈ ਰਹੇ ਹਨ। ਜ਼ਿਆਦਾਤਰ ਬੱਚੇ ਘਰਾਂ ਅੰਦਰ ਰਹਿਣ ਲਈ ਮਜਬੂਰ ਹਨ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਦੇ ਬੁਲੇਟਿਨ ਅਨੁਸਾਰ ਅਗਲੇ 4-5 ਦਿਨਾਂ ਵਿੱਚ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੇ ਨਾਲ-ਨਾਲ ਬੱਦਲਵਾਈ ਦੀ ਆਸ ਪ੍ਰਗਟਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਤਿੰਨ ਦਿਨ ਹੀਟ ਵੇਬ (ਗਰਮੀ ਦੀ ਲਹਿਰ) ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।