ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਛਤਾਵੇ ਦਾ ਦਿਨ

06:54 AM Nov 17, 2023 IST

ਸਵਰਨ ਸਿੰਘ ਭੰਗੂ
ਉਸ ਦਿਨ ਅਸੀਂ ਪ੍ਰਾਈਵੇਟ ਸਕੂਲਾਂ ਦੀ ਸੰਸਥਾ ਦੇ ਸਮਾਗਮ ਤੋਂ ਵਾਪਸ ਆ ਰਹੇ ਸਾਂ। 3.30 ਘੰਟੇ ਦੇ ਸਫਰ ਦੌਰਾਨ ਮੈਂ ਅਤੇ ਮੇਰਾ ਸਾਥੀ ਜੋ ਖੁਦ ਪ੍ਰਾਈਵੇਟ ਸਕੂਲ ਦਾ ਮਾਲਕ ਹੈ, ਬੀਤੇ ਸਮੇਂ ਦੀਆਂ ਗੱਲਾਂ ਅਤੇ ਅਨੁਭਵ ਸਾਂਝੇ ਕਰਦੇ ਰਹੇ। ਜਦੋਂ ਗੱਲਾਂ ਕਰਨ ਵਾਲੇ ਆਪਣੀ ਉਮਰ ਦੇ 6 ਦਹਾਕੇ ਪੂਰੇ ਕਰ ਚੁੱਕੇ ਹੋਣ ਤਾਂ ਗੱਲਾਂ ਦਾ ਸਿਲਸਿਲਾ ਅਮੁੱਕ ਹੀ ਹੁੰਦਾ ਹੈ। ਮੇਰਾ ਸਾਥੀ ਦੱਸਦਾ ਹੈ ਕਿ ਚਿਰ ਪਹਿਲਾਂ ਉਨ੍ਹਾਂ ਦੀ ਸੰਸਥਾ ਵਿਚ ਇੰਗਲੈਂਡ ਤੋਂ 2 ਪੱਧਰ ਦੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦਾ ਵਫਦ ਆਇਆ। ਵਫਦ ਵਿਚ ਵਧੇਰੇ ਵਿਦਿਆਰਥਣਾਂ ਸਨ। ਉਨ੍ਹਾਂ ਜਦੋਂ ਸਿੱਖ ਵਿਰਾਸਤ ਬਾਰੇ ਜਾਣਿਆਂ ਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਣ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੂੰ ਕਿਵੇਂ ਰੱਖਿਆ ਗਿਆ, ਖਾਧ-ਖੁਰਾਕ ਦੇ ਕੀ ਇੰਤਜ਼ਾਮ ਕੀਤੇ ਗਏ, ਸੱਭਿਆਚਾਰਕ ਵੰਨਗੀਆਂ ਦੌਰਾਨ ਉਹ ਸਥਾਨਕ ਵਿਦਿਆਰਥੀਆਂ ਨਾਲ ਕਿਵੇਂ ਘੁਲੇ ਮਿਲੇ ਆਦਿ ਬਾਰੇ ਦੱਸਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਜਾਣ ਦੀ ਦਿਲਚਸਪੀ ਦੇ ਸਿਖਰ ਵਜੋਂ ਉੱਥੋਂ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਨੂੰ ਭਰੋਸੇ ਵਿਚ ਲੈ ਕੇ ਇੱਕ ਵਿਸ਼ੇਸ਼ ਦਿਨ ਦੀ ਸ਼ਾਮ ਨੂੰ ਵਫਦ ਦਾ ਸ੍ਰੀ ਦਰਬਾਰ ਸਾਹਿਬ ਜਾਣਾ ਮਿਥ ਲਿਆ ਗਿਆ। ਉੱਥੇ ਵਫਦ ਨੇ ਸ੍ਰੀ ਦਰਬਾਰ ਸਾਹਿਬ ਅਤੇ ਸਰੋਵਰ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸੇ ਦੌਰਾਨ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਜੋ ਕਿਸੇ ਹੱਦ ਤੱਕ ਸਰੋਵਰ ਨੂੰ ਪ੍ਰਭਾਵਤ ਕਰ ਰਹੀ ਸੀ। ਮਹਿਮਾਨ ਵਿਦਿਆਰਥੀਆਂ ਦਾ ਸਵਾਲ ਸੀ ਕਿ ਆਤਿਸ਼ਬਾਜ਼ੀ ਨਾਲ ਸਰੋਵਰ ਨੂੰ ਖਰਾਬ ਕਿਉਂ ਕੀਤਾ ਜਾ ਰਿਹਾ ਹੈ? ਮੇਰੇ ਸਾਥੀ ਅਨੁਸਾਰ ਉਨ੍ਹਾਂ ਕੋਲ ਇਸ ਪ੍ਰਸ਼ਨ ਦਾ ਕੋਈ ਜਵਾਬ ਨਹੀਂ ਸੀ। ਅਖੀਰ ਜਦੋਂ ਉਹ ਵਫਦ ਨਾਲ ਵਾਪਸੀ ਕਰ ਰਹੇ ਸਨ ਤਾਂ ਭੀੜ ਵਿਚ ਸ਼ਾਮਲ ਮਨਚਲੇ ਮੁੰਡਿਆਂ ਦੀ ਹੁੱਲੜਬਾਜ਼ੀ ਕਾਰਨ ਕੁੜੀਆਂ ਦੀ ਸੁਰੱਖਿਆ ਵੱਡਾ ਮਸਲਾ ਬਣ ਜਾਂਦੀ ਹੈ। ਵਿਦੇਸ਼ੀ-ਮਾਸੂਮੀਅਤ ਦਾ ਇਹ ਕਿਸ ਹੱਦ ਤੱਕ ਦਾ ਅਪਮਾਨ ਸੀ... ਸ਼ਬਦ ਸੰਕੋਚਣੇ ਪੈ ਰਹੇ ਹਨ। ਸਮਝ ਸਕਦੇ ਹਾਂ ਕਿ ਵਫਦ ਕਿਸ ਤਰ੍ਹਾਂ ਦੇ ਪ੍ਰਭਾਵ ਲੈ ਕੇ ਮੁੜਿਆ ਹੋਵੇਗਾ?
ਇਹ ਸਭ ਸੁਣਨ ਪਿੱਛੋਂ ਮੇਰੇ ਜਿ਼ਹਨ ਵਿਚ, ਅਜਿਹੀ ਹੀ ਜਹਾਲਤ ਨਾਲ ਭਰੇ 13 ਅਗਸਤ 2004 ਦੇ ਪੱਤਰੇ ਉੱਡਣ ਲੱਗ ਪਏ। ਉਸ ਦਿਨ ਅਸੀਂ ਵੀ ਆਪਣੀ ਸੰਸਥਾ ਦੇ 9ਵੀਂ ਤੋਂ 2 ਦੇ ਵਿਦਿਆਰਥੀ ਲੈ ਕੇ ਵਾਹਗਾ-ਬਾਰਡਰ ਗਏ ਸੀ। ਅਸੀਂ ਘ੍ਰਿਣਾ ਦਾ ਮੁਜ਼ਾਹਰਾ ਕਰਦੀ ਝੰਡੇ ਲਾਹੁਣ ਦੀ ਰਸਮ (ਰੀਟਰੀਟ) ਵੀ ਦੇਖੀ ਸੀ ਅਤੇ ਹਿੰਦ/ਪਾਕਿ ਦੋਸਤੀ ਮੰਚ ਦੇ ਨੁਮਾਇੰਦਿਆਂ ਨਾਲ ਦੋਹਾਂ ਦੇਸ਼ਾਂ ਦੀ ਸਾਂਝ ਦੇ ਨਾਂ ’ਤੇ ਦੋਸਤੀ ਦੀਆਂ ਮੋਮਬੱਤੀਆਂ ਵੀ ਜਗਾਈਆਂ। ਫਿਰ ਅਸੀਂ ਇੱਕ ਸਟੇਜ ’ਤੇ ਜੁੜੇ ਜਿੱਥੇ ਪ੍ਰਸਿੱਧ ਹਸਤੀਆਂ, ਪਾਕਿਸਤਾਨ ਤੋਂ ਆਇਆ ਐੱਮਪੀ ਅਤੇ ਵਿਦਿਆਰਥੀ ਮੌਜੂਦ ਸਨ। ਵੱਜਦੇ ਹੂਟਰਾਂ ਨਾਲ ਪੰਜਾਬ ਦੇ ਹੋਰ ਰਾਜਸੀ ਆਗੂ ਵੀ ਪਹੁੰਚ ਰਹੇ ਸਨ। ਸਟੇਜ ਤੋਂ ਗੈਰ-ਮਿਆਰੀ ਗੀਤ ਗਾਏ ਜਾ ਰਹੇ ਸਨ। ਅਸੀਂ ਨੋਟ ਕੀਤਾ ਕਿ ਦੂੁਰ ਦੂਰ ਤੱਕ ਅਤੇ ਸਟੇਜ ਦੁਆਲੇ ਮਨਚਲੀ ਜਵਾਨੀ ਦਾ ਹੜ੍ਹ ਸੀ। ਸੀਟੀਆਂ ’ਤੇ ਸੀਟੀਆਂ ਵੱਜ ਰਹੀਆਂ ਸਨ। ਇਹ ਸਭ ਦੇਖ ਕੇ ਪਛਤਾਵਾ ਹੋ ਰਿਹਾ ਸੀ ਕਿ ਇੱਥੇ ਕਿਉਂ ਆ ਗਏ? ਫਿਰ ਰਾਤੀਂ 11 ਵਜੇ ਔਰਤਾਂ ਵਾਲੇ ਪਾਸੇ ਬੈਠੀਆਂ ਆਪਣੀਆਂ ਵਿਦਿਆਰਥਣਾਂ ਨੂੰ ਉਠਾਇਆ ਅਤੇ ਦੂਰ ਖੜ੍ਹੀ ਬੱਸ ਵੱਲ ਚੱਲ ਪਏ। ਫਸਵੀਂ ਭੀੜ, ਹੁੱਲੜਬਾਜ਼ੀ; ਬੱਸ ਇੱਥੋਂ ਲੜਕੀਆਂ ਅਤੇ ਅਧਿਆਪਕਾਵਾਂ ਨੂੰ ਸੁਰੱਖਿਅਤ ਕੱਢਣਾ ਸਾਡਾ ਫਿਕਰ ਬਣ ਗਿਆ। ਬੋਲ-ਕੁਬੋਲ ਬੋਲਦਿਆਂ ਦਾਰੂ ਪੀਤੀ ਭੀੜ ਸਾਡੇ ਵੱਲ ਉੱਲਰਦੀ ਸੀ। ਆਖ਼ਰ ਅਸੀਂ ਆਪਣੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਦੁਆਲੇ ਨਾਲ ਗਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲੈ ਕੇ ਮਨੁੱਖੀ-ਲੜੀ ਬਣਾ ਕੇ, ਘੰਟੇ ਭਰ ਦਾ ਜੋਖ਼ਮ ਉਠਾ ਕੇ, ਉਨ੍ਹਾਂ ਨੂੰ ਸੁਰੱਖਿਅਤ ਕੱਢ ਲਿਆਂਦਾ।
... ਬੱਸ ਵਿਚ ਬੈਠ ਕੇ ਸ਼ੁਕਰ ਮਨਾਇਆ। ਮੇਰੇ ਮਨ ਵਿਚ ਇੱਕੋ ਵਾਰ ਅਨੇਕ ਸਵਾਲ ਖੌਰੂ ਪਾਉਣ ਲੱਗੇ।... ਤੇ ਮੁੜ ਤੋਂ ਅਜਿਹੇ ਕਿਸੇ ਮੇਲੇ ਵਿਚ ਆਉਣ ਤੋਂ ਤੋਬਾ ਕੀਤੀ। ਮਨ ਵਿਚ ਆ ਰਿਹਾ ਸੀ ਕਿ ਇਹ ਮੇਲਾ ਤਾਂ ਦੇਸ਼ ਵੰਡ ਸਮੇਂ ਅਣਆਈ ਮਾਰੇ ਗਏ ਲੱਖਾਂ ਲੋਕਾਂ ਦੀ ਯਾਦ ਵਿਚ, ਸੰਜੀਦਗੀ ਨਾਲ ਭਰਿਆ ਹੋਣਾ ਚਾਹੀਦਾ ਹੈ। ਇਹੋ ਹੀ ਸੋਚਾਂ ਸਿੱਖ ਵਿਰਾਸਤ ਦੇ ਨਾਇਕਾਂ ਵੱਲ ਧਿਆਨ ਲੈ ਜਾਂਦੀਆਂ ਹਨ। ਇਸੇ ਧਿਆਨ ਵਿਚ ਇਸੇ ਧਰਤੀ ’ਤੇ ਸਥਾਪਤ ਸਿੱਖ ਸ਼ਰਧਾਲੂਆਂ ਦੀ ਆਸਥਾ ਦਾ ਸਿਖਰ ਸ੍ਰੀ ਦਰਬਾਰ ਸਾਹਿਬ ਹੈ। ਇਸੇ ਧਰਤੀ ’ਤੇ ਬਾਬਾ ਦੀਪ ਸਿੰਘ ਜਿਹੇ ਸੂਰਬੀਰ ਦਾ ਇਤਿਹਾਸ ਹੈ, ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਵਾਲੇ ਮੱਸੇ ਰੰਘੜ ਨੂੰ ਸਬਕ ਸਿਖਾਉਣ ਵਾਲੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਯਾਦ ਆਏ, ਗਦਰੀ ਬਾਬਾ ਸੋਹਣ ਸਿੰਘ ਭਕਨਾ ਵੀ ਤਾਂ ਇਸੇ ਧਰਤੀ ਦਾ ਸਪੂਤ ਸੀ, ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਵੀ ਤਾਂ ਇਸੇ ਧਰਤੀ ’ਤੇ ਆਉਣ/ਜਾਣ ਕਰਦੇ ਰਹੇ ਹਨ...। ਸਵਾਲ ਤਾਂ ਮਨ ਵਿਚ ਇਹ ਵੀ ਉੱਠ ਰਿਹਾ ਸੀ: ਕੀ ਸਾਡੇ ਆਪਣੇ ਨੌਜਵਾਨ, ਆਪਣੇ ਹੀ ਪੰਜਾਬ ਦੇ ਔਰਤ ਵਰਗ ਪ੍ਰਤੀ ਕਿਵੇਂ ਜਾਨਵਰਾਂ ਵਾਂਗ ਪੇਸ਼ ਆ ਰਹੇ ਹਨ? ਫਿਰ 1947 ਵਿਚ ਵਿਰੋਧੀ ਫਿਰਕੇ ਦੀਆਂ ਧੀਆਂ/ਭੈਣਾਂ ਨਾਲ ਕੀ ਗੁਜ਼ਰੀ ਹੋਵੇਗੀ?
ਜਿ਼ਹਨ ਵਿਚ ਜਦੋਂ ਇਹ ਸਵਾਲ ਉੱਭਰ ਰਹੇ ਸਨ ਤਾਂ ਮੈਂ ਹੰਢਾਏ ਖੌਫ ਨੂੰ ਆਪਣੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਦੇ ਚਿਹਰਿਆਂ ਤੋਂ ਪ੍ਰਤੱਖ ਦੇਖ ਰਿਹਾ ਸਾਂ। ਬੱਸ ਵਿਚ ਸੋਗੀ ਮਾਹੌਲ ਸੀ। ਮਾਯੂਸੀ ਦੇ ਆਲਮ ਵਿਚ ਅੰਮ੍ਰਿਤਸਰ ਤੱਕ ਕੋਈ ਕਿਸੇ ਨਾਲ ਨਾ ਬੋਲਿਆ। ਚੱਲਦੀ ਬੱਸ ਵਿਚ ਕਿਸੇ ਕਾਰਨ ਜ਼ੋਰ ਦਾ ਝਟਕਾ ਪਿਆ। ਮੈਂ ਪੁੱਛਿਆ: ਕਿੱਥੇ ਹਾਂ ਆਪਾਂ? ਇਹ ਅੰਮ੍ਰਿਤਸਰ ਸੀ। ਤੈਅ ਹੋਏ ਅਨੁਸਾਰ, ਚਲੋ-ਚਾਲ ਚੱਲਦਿਆਂ, ਰਾਤ ਦੇ 2.30 ਵਜੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਤੁਗਲਵਾਲ (ਗੁਰਦਾਸਪੁਰ) ਪਹੁੰਚੇ ਸਾਂ।
ਹੁਣ ਵੀ ਜਦੋਂ ਕਦੇ ਉਹ ਰਾਤ ਯਾਦ ਆਉਂਦੀ ਹੈ ਤਾਂ ਪ੍ਰੇਸ਼ਾਨ ਹੋ ਜਾਈਦਾ ਹੈ।
ਸੰਪਰਕ: 94174-69290

Advertisement

Advertisement