For the best experience, open
https://m.punjabitribuneonline.com
on your mobile browser.
Advertisement

ਦਿਨ-ਬ-ਦਿਨ ਮਨਫ਼ੀ ਹੁੰਦੀ ਨੈਤਿਕਤਾ

08:51 AM Feb 04, 2024 IST
ਦਿਨ ਬ ਦਿਨ ਮਨਫ਼ੀ ਹੁੰਦੀ ਨੈਤਿਕਤਾ
ਮਨੋਜ ਸੋਨਕਰ ਨੂੰ ਮੇਅਰ ਦੀ ਕੁਰਸੀ ’ਤੇ ਬਿਠਾਉਂਦੇ ਭਾਜਪਾ ਆਗੂ। ਫੋਟੋ: ਪੀਟੀਆਈ
Advertisement

ਅਰਵਿੰਦਰ ਜੌਹਲ

Advertisement

ਪਿਛਲੇ ਇੱਕ ਹਫ਼ਤੇ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੇ ਸਾਡਾ ਸਭ ਦਾ ਧਿਆਨ ਖਿੱਚਿਆ ਅਤੇ ਨਾਲ ਹੀ ਮਨਾਂ ਵਿੱਚ ਸੁਆਲ ਪੈਦਾ ਕੀਤਾ ਕਿ ਕਾਨੂੰਨ ਦੀ ਨਜ਼ਰ ’ਚ ਸਹੀ ਜਾਂ ਗ਼ਲਤ ਹੋਣ ਦੀ ਗੱਲ ਤਾਂ ਬਾਅਦ ’ਚ ਆਉਂਦੀ ਹੈ ਪਰ ਕੀ ਨੈਤਿਕਤਾ ਪੱਖੋਂ ਇਨ੍ਹਾਂ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਪਹਿਲੀ ਘਟਨਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕੋਈ 17 ਮਹੀਨੇ ਪਹਿਲਾਂ ਐੱਨਡੀਏ ਦਾ ਸਾਥ ਇਹ ਕਹਿ ਕੇ ਛੱਡਣ ਮਗਰੋਂ ‘‘ਮਰ ਜਾਨਾ ਕਬੂਲ ਹੈ, ਉਨ ਕੇ (ਭਾਜਪਾ) ਸਾਥ ਜਾਨਾ ਕਬੂਲ ਨਹੀਂ’’ ਤੋਂ ਬਾਅਦ ਹੁਣ ਮੁੜ ਭਾਜਪਾ ਨਾਲ ਹੀ ਹੱਥ ਮਿਲਾਉਣਾ ਹੈ। ਇਸ ਘਟਨਾ ਨੇ ਇੱਕ ਤਰ੍ਹਾਂ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ ਕਿਉਂਕਿ ਉਨ੍ਹਾਂ ਨੇ ਭਾਜਪਾ ਦੇ ਟਾਕਰੇ ਲਈ ‘ਇੰਡੀਆ’ ਗੱਠਜੋੜ ਦੀ ਕਾਇਮੀ ਵਿੱਚ ਮੁੱਖ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ। ਸਿਰਫ਼ ਨਿਤੀਸ਼ ਨੇ ਹੀ ਨਹੀਂ, ਉਸ ਮਗਰੋਂ ਭਾਜਪਾ ਆਗੂ ਅਮਿਤ ਸ਼ਾਹ ਨੇ ਵੀ ਨਿਤੀਸ਼ ਦੇ ਮੂੰਹ ’ਤੇ ਭਾਜਪਾ ਦੇ ਬੂਹੇ ਇਹ ਕਹਿ ਕੇ ਬੰਦ ਕਰ ਦਿੱਤੇ ਸਨ, ‘‘ਨਿਤੀਸ਼ ਕੇ ਲੀਏ ਭਾਜਪਾ ਕੇ ਦਰਵਾਜ਼ੇ ਹਮੇਸ਼ਾ ਕੇ ਲੀਏ ਬੰਦ ਹੋ ਚੁਕੇ ਹੈਂ।’’ ਅਮਿਤ ਸ਼ਾਹ ਨੇ ਬਿਹਾਰ ਵਿੱਚ ਉੱਥੋਂ ਦੇ ਲੋਕਾਂ ਨੂੰ ਇਹ ਵਿਸ਼ਵਾਸ ਅਤਿ ਦੇ ਵਿਸ਼ਵਾਸ ਨਾਲ ਦਿਵਾਇਆ ਸੀ। ਆਖ਼ਰ ਅਜਿਹਾ ਕੀ ਵਾਪਰਿਆ ਕਿ ਭਾਜਪਾ ਨੂੰ ਨਿਤੀਸ਼ ਲਈ ਆਪਣੇ ਬੂਹੇ ਖੋਲ੍ਹਣੇ ਪੈ ਗਏ? ਇਸ ਸੰਦਰਭ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਦੋ ਗਿਰਗਿਟਾਂ ਜੱਫੀ ਪਾ ਕੇ ਖੜ੍ਹੀਆਂ ਹਨ। ਇਸ ਤਸਵੀਰ ’ਤੇ ਟਿੱਪਣੀ ਕਰਦਿਆਂ ਸੋਸ਼ਲ ਮੀਡੀਆ ਵਰਤੋਂਕਾਰ ਸਵਾਲ ਕਰ ਰਹੇ ਹਨ ਕਿ ਵੱਡੀ ਗਿਰਗਿਟ ਕੌਣ ਹੈ?
ਪਿਛਲੇ ਲਗਭਗ ਦੋ ਦਹਾਕਿਆਂ ਵਿੱਚ ਅਨੇਕ ਵਾਰ ਨਿਤੀਸ਼ ਕੁਮਾਰ ਵੱਲੋਂ ਭਾਜਪਾ ਨਾਲ ਇੰਜ ‘ਕੱਟੀ’ ਕੀਤੀ ਗਈ ਕਿ ਲੱਗਦਾ ਸੀ ਹੁਣ ਮੁੜ ਕਦੇ ‘ਅੱਬਾ’ ਨਹੀਂ ਹੋਣੀ। ਕਦੇ ਇਸ ਨੂੰ ਵਿਚਾਰਕ ਮੱਤਭੇਦ ਕਿਹਾ ਗਿਆ, ਕਦੇ ਨਾ ਨਿਭਣਯੋਗ ਸਾਥ, ਕਦੇ ਇਹ ਕਿ ਇਹ (ਭਾਜਪਾ) ਸਾਨੂੰ ਅੰਦਰੋ-ਅੰਦਰੀ ਖਾ ਜਾਣਗੇ। ਅਜਿਹੇ ਬਿਆਨਾਂ ਤੋਂ ਸਿਆਸੀ ਪੰਡਿਤ ਅਤੇ ਆਮ ਲੋਕ ਇਸੇ ਨਤੀਜੇ ’ਤੇ ਪਹੁੰਚਦੇ ਸਨ ਕਿ ਨਿਤੀਸ਼ ਤੇ ਭਾਜਪਾ ਦਾ ਰਿਸ਼ਤਾ ਹੁਣ ਹਮੇਸ਼ਾ ਲਈ ਖ਼ਤਮ ਹੋ ਗਿਆ। ਇਵੇਂ ਹੀ ਜਦੋਂ ਕਦੇ ਲੱਗਦਾ ਕਿ ਨਿਤੀਸ਼ ਤੇ ਭਾਜਪਾ ਬਣੇ ਹੀ ਇੱਕ-ਦੂਜੇ ਲਈ ਹਨ ਤਾਂ ਅਚਾਨਕ ਇਹ ਰਿਸ਼ਤਾ ਤੜੱਕ ਕਰ ਕੇ ਟੁੱਟ ਜਾਂਦਾ।
ਇਸ ਮਗਰੋਂ ਅਗਲਾ ਦ੍ਰਿਸ਼ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਹੈ ਜਿੱਥੇ ਕਾਂਗਰਸ ਅਤੇ ‘ਆਪ’ ਕੋਲ ਬਹੁਮਤ ਹੋਣ ਦੇ ਬਾਵਜੂਦ ਭਾਜਪਾ ਦੇ ਮੇਅਰ ਨੂੰ ਜੇਤੂ ਐਲਾਨਿਆ ਗਿਆ। ਆਪ ਤੇ ਕਾਂਗਰਸ ਦੇ ਗੱਠਜੋੜ ਕੋਲ 13+7 ਵੋਟਾਂ ਮਿਲਾ ਕੇ 20 ਵੋਟਾਂ ਸਨ ਜਦੋਂਕਿ ਭਾਜਪਾ ਕੋਲ 14 ਕੌਂਸਲਰ ਅਤੇ ਇੱਕ ਵੋਟ ਸੰਸਦ ਮੈਂਬਰ ਅਤੇ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਸੀ ਜੋ ਕੁੱਲ ਮਿਲਾ ਕੇ 16 ਵੋਟਾਂ ਸਨ। ਸਪੱਸ਼ਟ ਹੈ ਕਿ ਆਮ ਹਾਲਾਤ ’ਚ ਇਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਸਿੰਘ ਧਲੌਰ ਦੀ ਜਿੱਤ ਯਕੀਨੀ ਜਾਪਦੀ ਸੀ ਪਰ ਜਾਦੂਈ ਜਿੱਤ ਭਾਜਪਾ ਦੇ ਮੇਅਰ ਦੇ ਅਹੁਦੇ ਦੇ ਉਮੀਦਵਾਰ ਮਨੋਜ ਸੋਨਕਰ ਦੀ ਝੋਲੀ ਪਈ। ਹੈਂਅ... ਇਹ ਜਾਦੂ ਕਿਵੇਂ ਹੋਇਆ? ਪ੍ਰੇਸ਼ਾਨ ਨਾ ਹੋਵੋ ਤੇ ਇੱਕ ਹੋਰ ਵਾਇਰਲ ਵੀਡੀਓ ਦੇਖੋ: ਇੱਕ ਵਿਅਕਤੀ ਖਾਲੀ ਬੈਲੇਟ ਬੌਕਸ ਸਭ ਦੇ ਸਾਹਮਣੇ ਪੁੱਠਾ ਕਰ ਕੇ ਦਿਖਾਉਂਦਾ ਹੈ ਅਤੇ ਪਿੱਠ ਭੂਮੀ ’ਚ ਇੱਕ ਆਵਾਜ਼ ਉੱਭਰਦੀ ਹੈ, ‘‘ਇਸਕੋ ਕੈਮਰਾ ਮੇਂ ਰਿਕਾਰਡ ਕਰੀਏ। ਬੈਲੇਟ ਬਾਕਸ ਕੋ ਸਭੀ ਕੈਂਡੀਡੇਟਸ ਔਰ ਪ੍ਰੀਜ਼ਾਈਡਿੰਗ ਅਫ਼ਸਰ ਕੇ ਸਾਮਨੇ ਲੌਕ ਕਰ ਦੀਜੀਏ।’’ ਬੈਲੇਟ ਬੌਕਸ ਨੂੰ ਤਾਲਾ ਲਗਾ ਕੇ ਚਾਬੀ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਨੂੰ ਸੌਂਪ ਦਿੱਤੀ ਜਾਂਦੀ ਹੈ। ਇਸ ਮਗਰੋਂ ਇੱਕ ਹੋਰ ਦ੍ਰਿਸ਼ ਉੱਭਰਦਾ ਹੈ; ਪ੍ਰੀਜ਼ਾਈਡਿੰਗ ਅਫਸਰ ਦੇ ਸਾਹਮਣੇ ਸਾਰੇ ਮਤ-ਪੱਤਰ ਪਏ ਹਨ ਅਤੇ ਉਹ ਪੂਰੀ ਤਸੱਲੀ ਨਾਲ ਕਈ ਮਤ-ਪੱਤਰਾਂ ’ਤੇ ਕੁਝ ਲਿਖਦਾ ਦਿਖਾਈ ਦੇ ਰਿਹਾ ਹੈ ਅਤੇ ਆਪ-ਕਾਂਗਰਸ ਦੇ ਅੱਠ ਵੋਟ ਰੱਦ ਕਰ ਦਿੱਤੇ ਜਾਂਦੇ ਹਨ। ਇਸ ਮਗਰੋਂ ਪ੍ਰੀਜ਼ਾਈਡਿੰਗ ਅਫਸਰ ਝਟਪਟ ਭਾਜਪਾ ਉਮੀਦਵਾਰ ਦੀ ਜਿੱਤ ਦਾ ਐਲਾਨ ਕਰਦਾ ਹੈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ, ਭਾਜਪਾ ਆਗੂ ਝਟਪਟ ਆਪਣੇ ਜੇਤੂ ਐਲਾਨੇ ਮੇਅਰ ਮਨੋਜ ਸੋਨਕਰ ਨੂੰ ਮੇਅਰ ਦੀ ਸੀਟ ’ਤੇ ਬਿਠਾ ਦਿੰਦੇ ਹਨ ਅਤੇ ਉਸ ਦੇ ਮੂੰਹ ’ਚ ਜਿੱਤ ਦਾ ਲੱਡੂ ਪਾਉਂਦੇ ਨਜ਼ਰ ਆਉਂਦੇ ਹਨ। ਇਸ ਤੋਂ ਬਾਅਦ ‘ਆਪ’ ਤੇ ਕਾਂਗਰਸ ਕੌਂਸਲਰ ਜ਼ੋਰਦਾਰ ਹੰਗਾਮਾ ਕਰਨ ਮਗਰੋਂ ਸੀਨੀਅਰ ਡਿਪਟੀ ਮੇਅਰ ਅਤੇ ਮੇਅਰ ਦੇ ਉਮੀਦਵਾਰ ਦੀ ਚੋਣ ਦਾ ਬਾਈਕਾਟ ਕਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ। ਹੁਣ ਪ੍ਰੀਜ਼ਾਈਡਿੰਗ ਅਫਸਰ ਦੀ ਕੁਰਸੀ ’ਤੇ ਭਾਜਪਾ ਮੇਅਰ ਬਿਰਾਜਮਾਨ ਸਨ ਤੇ ‘ਆਪ’ ਤੇ ਕਾਂਗਰਸ ਕੌਂਸਲਰਾਂ ਦੀ ਗ਼ੈਰ-ਮੌਜੂਦਗੀ ਵਿੱਚ ਇਹ ਸਾਰੇ ਅਹੁਦੇ ਵੀ ਭਾਜਪਾ ਦੀ ਝੋਲੀ ਆ ਪਏ।
ਓਧਰ ਜੇਡੀ (ਯੂ) ਦੇ ਆਰ.ਜੇ.ਡੀ. ਨਾਲ ਤੋੜ-ਵਿਛੋੜੇ ਦੀ ਘਟਨਾ ਨੂੰ ਲੈ ਕੇ ਜਿੱਥੇ ਪਿਛਲੇ ਸੱਤ-ਅੱਠ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਨਿਤੀਸ਼ ਨੇ ਸਾਰੀ ਸਪੇਸ ਮੱਲੀ ਹੋਈ ਸੀ, ਉੱਥੇ ਭਾਜਪਾ ਦਾ ਜ਼ਿਕਰ ਤਾਂ ਹੁੰਦਾ ਸੀ ਪਰ ਦੋਇਮ ਪੱਧਰ ’ਤੇ। ਹੁਣ ਚੰਡੀਗੜ੍ਹ ਦੇ ਮੇਅਰ ਦੀ ਚੋਣ ਵੇਲੇ ਦੀ ਉਸ ਵੀਡੀਓ ਦੇ ਵਾਇਰਲ ਹੋਣ ਕਾਰਨ ਭਾਜਪਾ ਇਸ ਵੇਲੇ ਸਮੁੱਚੇ ਸੋਸ਼ਲ ਮੀਡੀਆ ’ਤੇ ‘ਛਾਈ’ ਹੋਈ ਹੈ।
ਗੱਲ ਇੱਥੇ ਹੀ ਨਹੀਂ ਰੁਕੀ। ਇਨ੍ਹਾਂ ਘਟਨਾਵਾਂ ਮਗਰੋਂ ਤੀਜੀ ਘਟਨਾ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਮਗਰੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਉਪਰੰਤ ਪੈਦਾ ਸਥਿਤੀ ਨਾਲ ਸਬੰਧਿਤ ਹੈ। ਚੰਪਈ ਸੋਰੇਨ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰਨ ਤੋਂ ਬਾਅਦ ਰਾਜਪਾਲ ਵੱਲੋਂ ਜੱਕੋਤਕੀ ਕੀਤੇ ਜਾਣ ਨਾਲ ਉਹ ‘ਫੁਰਤੀ’ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਜਿਸ ਨਾਲ ਨਿਤੀਸ਼ ਨੂੰ ਸਹੁੰ ਚੁਕਾਈ ਗਈ ਸੀ। ਝਾਰਖੰਡ ਬਿਹਾਰ ਵਿੱਚੋਂ ਹੀ ਨਿਕਲਿਆ ਸੂਬਾ ਹੈ ਅਤੇ ਦੋਹਾਂ ਵਿੱਚ ਬਹੁਤ ਕੁਝ ਸਾਂਝਾ ਹੈ, ਫਿਰ ਦੋ ਸਹੁੰਆਂ ਚੁਕਾਉਣ ਵਿੱਚ ਰਾਜਪਾਲਾਂ ਦੀ ਭੂਮਿਕਾਵਾਂ ਵਿੱਚ ਅਜਿਹਾ ਫ਼ਰਕ ਕਿਉਂ? ਸੁਆਲ ਕਾਨੂੰਨ ਦਾ ਨਹੀਂ, ਨੈਤਿਕਤਾ ਅਤੇ ਅਨੈਤਿਕਤਾ ਦਾ ਹੈ। ਕੀ ਕਾਰਨ ਹੈ ਕਿ ਝਾਰਖੰਡ ਮੁਕਤੀ ਮੋਰਚਾ ਪਾਰਟੀ ਨੂੰ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਖ੍ਰੀਦੋ-ਫਰੋਖ਼ਤ ਤੋਂ ਬਚਾਉਣ ਲਈ ਜਹਾਜ਼ ’ਚ ਲੱਦ ਕੇ ਹੈਦਰਾਬਾਦ ਲਿਜਾਣਾ ਪੈ ਗਿਆ? ਅਜਿਹਾ ਵਰਤਾਰਾ ਪਿਛਲੇ ਸਮੇਂ ’ਚ ਅਕਸਰ ਦੇਖਣ ਨੂੰ ਮਿਲਦਾ ਰਿਹਾ ਹੈ।
ਸਾਡੀ ਰੋਜ਼-ਮੱਰ੍ਹਾ ਦੀ ਜ਼ਿੰਦਗੀ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਜ਼ਿਆਦਾ ਚੱਲਦੀ ਹੈ ਜੋ ਸਾਨੂੰ ‘ਗ਼ਲਤ’ ਅਤੇ ‘ਠੀਕ’ ਦੀ ਤਮੀਜ਼ ਸਿਖਾਉਂਦੀਆਂ ਹਨ ਤੇ ਮਨੁੱਖ ਦੁਆਰਾ ਕੀਤੇ ਜਾਂਦੇ ਚੰਗੇ-ਮਾੜੇ ਕੰਮਾਂ ਦਾ ਨਿਖੇੜਾ ਕਰਦੀਆਂ ਹਨ। ਮਿਸਾਲ ਵਜੋਂ, ਜੇ ਕਿਸੇ ਕੰਮ ਤੋਂ ਕਿਸੇ ਵਿਅਕਤੀ ਨੂੰ ਬਹੁਤ ਵੱਡਾ ਮੁਨਾਫ਼ਾ ਜਾਂ ਫਾਇਦਾ ਹੋਣਾ ਹੋਵੇ ਪਰ ਉਹ ਕੰਮ ਉਸ ਦੀਆਂ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਖਿਲਾਫ਼ ਜਾਂਦਾ ਹੈ ਤਾਂ ਉਹ ਵਿਅਕਤੀ ਇਸ ਕਸ਼ਮਕਸ਼ ’ਚੋਂ ਜ਼ਰੂਰ ਗੁਜ਼ਰੇਗਾ ਕਿ ਉਸ ਨੂੰ ਮੁਨਾਫ਼ਾ ਚਾਹੀਦਾ ਹੈ ਜਾਂ ਮਨ ਦਾ ਸਕੂਨ। ਅਨੈਤਿਕ ਕੰਮ ਸਾਡੇ ਮਨ ਦੀ ਸ਼ਾਂਤੀ, ਸੰਤੁਲਨ ਅਤੇ ਜ਼ਿੰਦਗੀ ਦੀ ਸਹਿਜ ਅਤੇ ਸੁਹਜਾਤਮਕ ਚਾਲ ਵਿੱਚ ਖ਼ਲਲ ਪਾ ਦਿੰਦੇ ਹਨ।
ਨੈਤਿਕਤਾ ਅੰਗਰੇਜ਼ੀ ਦੇ ਸ਼ਬਦ ethics ਦਾ ਪੰਜਾਬੀ ਅਨੁਵਾਦ ਹੈ। ethics ਸ਼ਬਦ ਗਰੀਕ ਸ਼ਬਦ ethos ਤੋਂ ਬਣਿਆ ਹੈ ਜਿਸ ਤੋਂ ਭਾਵ ਉਸ ਮਨੁੱਖੀ ਕਿਰਦਾਰ ਤੋਂ ਹੈ ਜੋ ਸਮਾਜ ਵਿੱਚ ਸਹਿਜਤਾ ਨਾਲ ਵਿਚਰਨ ਲਈ ਜ਼ਰੂਰੀ ਹੁੰਦਾ ਹੈ। ਜਿਉਂ ਜਿਉਂ ਸਮਾਜ ਬਦਲਦਾ ਹੈ, ਨੈਤਿਕ ਨਿਯਮਾਂ ’ਚ ਵੀ ਬਦਲਾਅ ਹੁੰਦਾ ਹੈ ਪਰ ਕੁਝ ਮੁੱਢਲੇ ਨਿਯਮ ਅਤੇ ਅਸੂਲ ਉਹੀ ਰਹਿੰਦੇ ਹਨ। ਮਿਸਾਲ ਵਜੋਂ ਝੂਠ ਬੋਲਣਾ, ਕਿਸੇ ਨਾਲ ਧੋਖਾ ਕਰਨਾ, ਅੱਗੇ ਕੁਝ ਕਹਿਣਾ ਪਿੱਛੇ ਕੁਝ ਕਹਿਣਾ, ਕਿਸੇ ਤਰ੍ਹਾਂ ਦਾ ਜੁਰਮ ਕਰਨਾ ਆਦਿ ਨੂੰ ਕਿਸੇ ਵੀ ਸਮਾਜ ਵਿੱਚ ਸਹੀ ਨਹੀਂ ਮੰਨਿਆ ਜਾਂਦਾ। ਹਰ ਸਮਾਜ ਵਿੱਚ ਅਨੈਤਿਕ ਕਾਰਜ ਹੁੰਦੇ ਰਹੇ ਹਨ ਅਤੇ ਹੁੰਦੇ ਰਹਿਣਗੇ ਪਰ ਸਿਆਸੀ ਖੇਤਰ ਵਿੱਚ ਅਨੈਤਿਕ ਕਾਰਜਾਂ ਦਾ ਲਗਾਤਾਰ ਵਧਣਾ ਫ਼ਿਕਰਮੰਦੀ ਵਾਲਾ ਵਰਤਾਰਾ ਤਾਂ ਹੈ ਹੀ।
ਹਰ ਨਾਗਰਿਕ ਲਈ ਕਾਨੂੰਨ ਨੂੰ ਮੰਨਣਾ ਲਾਜ਼ਮੀ ਹੁੰਦਾ ਹੈ ਪਰ ਨੈਤਿਕ ਅਤੇ ਅਨੈਤਿਕ ਕਾਰਜਾਂ ਦੀ ਵਿਆਖਿਆ ਉਸ ਦੀ ਆਪਣੀ ਹੁੰਦੀ ਹੈ। ਜੇ ਸਿਆਸਤ ਨੂੰ ਕਿੱਤਾ ਸਮਝ ਲਿਆ ਜਾਵੇ ਤਾਂ ਬਾਕੀ ਕਿੱਤਿਆਂ ਦੇ ਮੁਕਾਬਲੇ ਉਸ ਵਿੱਚ ਅਨੈਤਿਕਤਾ ਦਾ ਬੋਲਬਾਲਾ ਕੁਝ ਜ਼ਿਆਦਾ ਹੀ ਰਹਿੰਦਾ ਹੈ। ਬਹੁਤ ਸਾਰੇ ਇਮਾਨਦਾਰ, ਸਹਿਜ ਨਾਲ ਜਿਊਣ ਵਾਲੇ ਸਮਝਦਾਰ ਲੋਕ ਬਹੁਤੀ ਵਾਰ ਸਿਆਸਤ ਤੋਂ ਦੂਰ ਰਹਿੰਦੇ ਹਨ ਕਿਉਂਕਿ ਇਸ ਵਿਚਲੇ ਅਨੈਤਿਕ ਕਾਰਜਾਂ ਦਾ ਬੋਝ ਉਨ੍ਹਾਂ ਦੀ ਅੰਤਰ-ਆਤਮਾ ਨੂੰ ਚੁੱਕਣਾ ਬਹੁਤ ਔਖਾ ਹੁੰਦਾ ਹੈ।
ਕਾਨੂੰਨ ਤਾਂ ਸੱਤਾ ’ਤੇ ਕਾਬਜ਼ ਸਿਆਸਤਦਾਨਾਂ ਨੇ ਖ਼ੁਦ ਬਣਾਉਣੇ ਹੁੰਦੇ ਹਨ ਤੇ ਉਨ੍ਹਾਂ ਵਿਚਲੀਆਂ ਚੋਰ-ਮੋਰੀਆਂ ਦਾ ਵੀ ਉਨ੍ਹਾਂ ਨੂੰ ਪਤਾ ਹੁੰਦਾ ਹੈ, ਪਰ ਨੈਤਿਕਤਾ ਦਾ ਤਾਣਾ-ਬਾਣਾ ਸਮਾਜ ਇਤਿਹਾਸਕ ਪ੍ਰਕਿਰਿਆ ਤੇ ਪਰਿਪੇਖ ਵਿੱਚ ਖ਼ੁਦ ਬੁਣਦਾ ਹੈ। ਸਿਆਸੀ ਨੇਤਾਵਾਂ ਦੀ ਅਤਿ ਦਰਜੇ ਦੀ ਕਲਾਕਾਰੀ ਕਹਿ ਲਓ ਜਾਂ ਕੁਝ ਹੋਰ ਕਿ ਉਹ ਆਪਣੀਆਂ ਸਿਆਸੀ ਕਲਾਬਾਜ਼ੀਆਂ ਦੇ ਸੰਦਰਭ ਹੀ ਬਦਲ ਦਿੰਦੇ ਹਨ ਅਤੇ ਲੋਕ ਮੱਥੇ ’ਤੇ ਹੱਥ ਧਰ ਕੇ ਸੋਚਦੇ ਰਹਿ ਜਾਂਦੇ ਹਨ। ਮੱਥੇ ਤੋਂ ਹੱਥ ਚੁੱਕਣ ਦਾ ਅਜੇ ਮੌਕਾ ਵੀ ਨਹੀਂ ਮਿਲਿਆ ਹੁੰਦਾ ਕਿ ਕਿਸੇ ਹੋਰ ਥਾਂ ਅਜਿਹੇ ਕਰਤੱਬ ਹੋਣ ਲੱਗ ਜਾਂਦੇ ਹਨ। ਨਵੇਂ ਜੋੜ-ਤੋੜ, ਗੱਠਜੋੜ, ਨਵੀਆਂ ਲੋੜਾਂ ਦੀ ਮੰਗ ਕਹਿ ਕੇ ਸਭ ਕੁਝ ਸਹੀ ਠਹਿਰਾ ਦਿੱਤਾ ਜਾਂਦਾ ਹੈ। ਤਕੀਏ ਪੈਂਦੀ ਬਾਜ਼ੀ ਚੱਲਦੀ ਰਹਿੰਦੀ ਹੈ। ਨੈਤਿਕਤਾ ਦੇ ਜਨਾਜ਼ੇ ਦੀ ਪਰਵਾਹ ਕੌਣ ਕਰਦਾ ਹੈ?

Advertisement
Author Image

Advertisement
Advertisement
×