ਦਾਊਦ ਦੀਆਂ 4 ’ਚੋਂ 2 ਜਾਇਦਾਦਾਂ ਹੋਈਆਂ ਨਿਲਾਮ
ਮੁੰਬਈ, 5 ਜਨਵਰੀ
ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਪਰਿਵਾਰਕ ਮੈਂਬਰਾਂ ਦੀਆਂ ਦੋ ਜਾਇਦਾਦਾਂ ਅੱਜ ਇੱਥੇ ਸਮੱਗਲਰ ਐਂਡ ਫਾਰੇਨ ਐਕਸਚੇਂਜ ਮੈਨੀਪੁਲੇਟਰਸ (ਜਾਇਦਾਦ ਜ਼ਬਤ) ਐਕਟ ਦੇ ਤਹਿਤ ਨਿਲਾਮੀ ਵਿੱਚ ਵੇਚ ਦਿੱਤੀਆਂ ਗਈਆਂ। ਮਹਾਰਾਸ਼ਟਰ ਦੇ ਤੱਟਵਰਤੀ ਰਤਨਾਗਿਰੀ ਜ਼ਿਲ੍ਹੇ ਦੀ ਖੇੜ ਤਹਿਸੀਲ ਦੇ ਮੁੰਬਕੇ ਪਿੰਡ ਵਿੱਚ ਸਥਿਤ ਕੁੱਲ ਚਾਰ ਜਾਇਦਾਦਾਂ ਨਿਲਾਮੀ ਵਿੱਚ ਉਪਲਬਧ ਸਨ ਪਰ ਉਨ੍ਹਾਂ ਵਿੱਚੋਂ ਦੋ ਲਈ ਕੋਈ ਬੋਲੀ ਪ੍ਰਾਪਤ ਨਹੀਂ ਹੋਈ। ਹੋਰ ਦੋ ਸੰਪਤੀਆਂ ਲਈ ਕ੍ਰਮਵਾਰ ਚਾਰ ਅਤੇ ਤਿੰਨ ਬੋਲੀਕਾਰ ਪ੍ਰਾਪਤ ਹੋਏ। ਦੋਵਾਂ ਲਈ ਇੱਕ ਹੀ ਵਿਅਕਤੀ ਸਫਲ ਬੋਲੀਕਾਰ ਵਜੋਂ ਉਭਰਿਆ। ਇੱਕ ਜਾਇਦਾਦ, 170.98 ਵਰਗ ਗਜ਼ ਦੀ ਖੇਤੀ ਵਾਲੀ ਜ਼ਮੀਨ ਦੀ 15,440 ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 2.01 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਪ੍ਰਾਪਤ ਹੋਈ। 1730 ਵਰਗ ਗਜ਼ ਦੀ ਖੇਤੀ ਵਾਲੀ ਜ਼ਮੀਨ ਦੀ ਰਾਖਵੀਂ ਕੀਮਤ 1,56,270 ਰੁਪਏ ਦੇ ਮੁਕਾਬਲੇ 3.28 ਲੱਖ ਰੁਪਏ ਦੀ ਸਭ ਤੋਂ ਵੱਧ ਬੋਲੀ ਲਗਾਈ ਗਈ। ਸਫਲ ਬੋਲੀਕਾਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਇਹ ਨਿਲਾਮੀ ਦੱਖਣੀ ਮੁੰਬਈ ਦੇ ਆਯਕਰ ਭਵਨ 'ਚ ਹੋਈ। 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਇਬਰਾਹਿਮ ਪਾਕਿਸਤਾਨ ਵਿੱਚ ਰਹਿੰਦਾ ਮੰਨਿਆ ਜਾਂਦਾ ਹੈ।