ਡੇਵਿਸ ਕੱਪ: ਭਾਰਤ ਨੇ ਸਿੰਗਲਜ਼ ਲਈ ਮੁੜ ਬਾਲਾਜੀ ’ਤੇ ਭਰੋਸਾ ਪ੍ਰਗਟਾਇਆ
ਸਟਾਕਹੋਮ, 13 ਸਤੰਬਰ
ਭਾਰਤੀ ਡੇਵਿਸ ਟੈਨਿਸ ਕੱਪ ਟੀਮ ਨੇ ਲਗਾਤਾਰ ਦੂਜੀ ਵਾਰ ਸਿੰਗਲਜ਼ ਮੁਕਾਬਲੇ ਦੀ ਜ਼ਿੰਮੇਵਾਰੀ ਸੰਭਾਲਣ ਲਈ ਡਬਲਜ਼ ਮਾਹਰ ਐੱਨ ਸ੍ਰੀਰਾਮ ਬਾਲਾਜੀ ’ਤੇ ਭਰੋਸਾ ਜਤਾਇਆ ਹੈ, ਜੋ ਸਵੀਡਨ ਖ਼ਿਲਾਫ਼ ਵਿਸ਼ਵ ਗਰੁੱਪ-1 ਦੇ ਮੈਚ ’ਚ ਕਪਤਾਨ ਰੋਹਿਤ ਰਾਜਪਾਲ ਦੀ ਅਗਵਾਈ ਵਾਲੀ ਟੀਮ ਦਾ ਸ਼ੁਰੂਆਤੀ ਮੈਚ ਖੇਡੇਗਾ। ਭਾਰਤੀ ਕਪਤਾਨ ਨੇ ਰਾਮਕੁਮਾਰ ਰਾਮਨਾਥਨ ਨੂੰ ਟੀਮ ਵਿੱਚ ਦੂਜੇ ਸਿੰਗਲਜ਼ ਖਿਡਾਰੀ ਵਜੋਂ ਚੁਣਿਆ ਹੈ।
ਇਸ ਸਾਲ ਦੇ ਸ਼ੁਰੂ ਵਿਚ ਪਾਕਿਸਤਾਨ ਵਿੱਚ ‘ਗ੍ਰਾਸ ਕੋਰਟ’ ’ਤੇ ਸਿੰਗਲਜ਼ ਵਰਗ ਵਿੱਚ ਮੁਕਾਬਲਾ ਕਰਨ ਵਾਲਾ ਬਾਲਾਜੀ ਭਲਕੇ ਸ਼ਨਿਚਰਵਾਰ ਨੂੰ ਸਵੀਡਨ ਦੇ ਸਿਖਰਲੇ ਖਿਡਾਰੀ ਏਲੀਅਸ ਯਮੇਰ (ਵਿਸ਼ਵ ਰੈਂਕਿੰਗ 238) ਖ਼ਿਲਾਫ਼ ਮੈਚ ਨਾਲ ਇਸ ਇਨਡੋਰ ਮੁਕਾਬਲੇ ਦੀ ਸ਼ੁਰੂਆਤ ਕਰੇਗਾ। ਦੂਜੇ ਮੁਕਾਬਲੇ ਵਿੱਚ ਰਾਮਕੁਮਾਰ (ਵਿਸ਼ਵ ਰੈਂਕਿੰਗ 332) ਦਾ ਸਾਹਮਣਾ ਸਵੀਡਨ ਦੇ ਮਹਾਨ ਖਿਡਾਰੀ ਬਜੋਰਨ ਬੋਰਗ ਦੇ ਪੁੱਤਰ ਲਿਓ ਬੋਰਗ (ਵਿਸ਼ਵ ਰੈਂਕਿੰਗ 603) ਨਾਲ ਹੋਵੇਗਾ। ਇਹ ਦੋਵੇਂ ਖਿਡਾਰੀ ਏਟੀਪੀ ਟੂਰ ’ਤੇ ਪਹਿਲਾਂ ਇੱਕ-ਦੂਜੇ ਖ਼ਿਲਾਫ਼ ਕਦੇ ਨਹੀਂ ਖੇਡੇ। ਰਾਮਕੁਮਾਰ ਅਤੇ ਬਾਲਾਜੀ ਐਤਵਾਰ ਨੂੰ ਫਿਲਿਪ ਬਰਗੇਵੀ ਅਤੇ ਆਂਦਰੇ ਗੋਰਾਨਸਨ ਖ਼ਿਲਾਫ਼ ਡਬਲਜ਼ ਤੇ ਰਿਵਰਸ ਸਿੰਗਲਜ਼ ਵੀ ਖੇਡਣਗੇ। ਜੇ ਪਹਿਲੇ ਦਿਨ ਸਕੋਰ 1-1 ਨਾਲ ਬਰਾਬਰ ਰਹਿੰਦਾ ਹੈ ਤਾਂ ਡਬਲਜ਼ ਜੋੜੀ ’ਚ ਬਦਲਾਅ ਹੋ ਸਕਦਾ ਹੈ। -ਪੀਟੀਆਈ