ਡੇਵਿਸ ਕੱਪ: ਕੈਨੇਡਾ ਨੇ ਇਟਲੀ ਨੂੰ 3-0 ਨਾਲ ਹਰਾਇਆ
ਬੋਲੋਗਨਾ (ਇਟਲੀ), 14 ਸਤੰਬਰ
ਕੈਨੇਡਾ ਨੇ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲਜ਼ ਗਰੁੱਪ ਗੇੜ ’ਚ ਇਟਲੀ ਨੂੰ 3-0 ਨਾਲ ਹਰਾ ਦਿੱਤਾ ਜਦਕਿ ਅਮਰੀਕਾ, ਬਰਤਾਨੀਆ ਤੇ ਚੈੱਕ ਗਣਰਾਜ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਖ਼ਿਤਾਬ ਦੇ ਬਚਾਅ ਦੀ ਕੋਸ਼ਿਸ਼ ’ਚ ਲੱਗੇ ਕੈਨੇਡਾ ਲਈ ਅਲੈਕਸਿਸ ਗਾਲਾਰਨਿਏਯੂ, ਗੈਬਰੀਅਲ ਡੀਏਲੋ ਨੇ ਬੋਲੋਗਨਾ ’ਚ ਆਪੋ ਆਪਣੇ ਸਿੰਗਲਜ਼ ਮੈਚ ਜਿੱਤੇ ਅਤੇ ਫਿਰ ਗਾਲਾਰਨਿਏਯੂ ਤੇ ਵਾਸੇਕ ਪੋਸਪੀਸਿਲ ਨੇ ਡਬਲਜ਼ ਮੁਕਾਬਲੇ ’ਚ ਵੀ ਜਿੱਤ ਹਾਸਲ ਕੀਤੀ। ਕੈਨੇਡਾ ਨੇ ਪਿਛਲੇ ਵਰ੍ਹੇ ਫਾਈਨਲ ’ਚ ਆਸਟਰੇਲੀਆ ਨੂੰ ਹਰਾਇਆ ਸੀ। ਦੋਵਾਂ ਟੀਮਾਂ ਨੇ ਸਿੱਧੇ ਫਾਈਨਲਜ਼ ਦੇ ਗਰੁੱਪ ਗੇੜ ਲਈ ਕੁਆਲੀਫਾਈ ਕੀਤਾ ਸੀ।
ਇਸੇ ਦੌਰਾਨ ਆਸਟਰੇਲੀਆ ਨੂੰ ਇੰਗਲੈਂਡ ਦੇ ਮਾਨਚੈਸਟਰ ’ਚ ਬਰਤਾਨੀਆ ਤੋਂ 1-2 ਨਾਲ ਹਾਰ ਮਿਲੀ। ਆਸਟਰੇਲੀਆ ਨੂੰ ਦੋਵੇਂ ਸਿੰਗਲਜ਼ ਮੈਚਾਂ ਵਿੱਚ ਹਾਰ ਮਿਲੀ ਜਦਕਿ ਡਬਲਜ਼ ਵਿੱਚ ਮੈਥਿਊ ਅਬਦੇਨ ਅਤੇ ਮੈਕਸ ਪੁਰਸੈੱਲ ਦੀ ਜੋੜੀ ਨੇ ਜਿੱਤ ਹਾਸਲ ਕੀਤੀ। ਦੂਜੇ ਪਾਸੇ ਅਮਰੀਕਾ ਨੇ ਮੇਜ਼ਬਾਨ ਕ੍ਰੋਏਸ਼ੀਆ ਨੂੰ 2-1 ਨਾਲ ਮਾਤ ਦਿੱਤੀ। ਦੋਵਾਂ ਮੁਲਕਾਂ ਦੇ ਖਿਡਾਰੀਆਂ ਨੇ ਇੱਕ-ਇੱਕ ਸਿੰਗਲਜ਼ ਮੈਚ ਜਿੱਤਿਆ ਜਦਕਿ ਫੈਸਲਾਕੁਨ ਡਬਲਜ਼ ਮੁਕਾਬਲੇ ’ਚ ਅਮਰੀਕੀ ਜੋੜੀ ਆਸਟਿਨ ਕਰੇਜੀਸੇਕ ਅਤੇ ਰਾਜੀਵ ਰਾਮ ਨੇ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਅਤੇੇ ਮੇਟ ਪੇਵਿਕ ਨੂੰ 7-6 (5), 6-7 (3), 6-2 ਨਾਲ ਹਰਾ ਕੇ ਅਮਰੀਕਾ ਦੀ 2-1 ਨਾਲ ਜਿੱਤ ਪੱਕੀ ਕੀਤੀ। ਇਸ ਤੋਂ ਇਲਾਵਾ ਚੈੱਕ ਗਣਰਾਜ ਨੇ ਸਪੇਨ ਦੇ ਵੈਲੈਂਸੀਆ ਵਿੱਚ ਸਪੇਨ ਖ਼ਿਲਾਫ਼ 3-0 ਨਾਲ ਜਿੱਤ ਹਾਸਲ ਕੀਤੀ। ਸਪੇਨ ਦੀ ਟੀਮ ਵਿੰਬਲਡਨ ਜੇਤੂ ਕਾਰਲੋਸ ਅਲਕਰਾਜ਼ ਤੋਂ ਬਿਨਾਂ ਟੂਰਨਾਮੈਂਟ ਖੇਡ ਰਹੀ ਹੈ। -ਏਪੀ