Dausa Borewell Rescue Operation: ਬੋਰਵੈੱਲ 'ਚ ਡਿੱਗੇ ਬੱਚੇ ਤੀਜੇ ਦਿਨ ਮੌਤ
ਜੈਪੁਰ, 12 ਦਸੰਬਰ
ਰਾਜਸਥਾਨ ਦੇ ਦੌਸਾ ’ਚ 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਣ ਵਾਲਾ ਪੰਜ ਸਾਲਾ ਆਰੀਅਨ ਅੱਜ ਜ਼ਿੰਦਗੀ ਦੀ ਲੜਾਈ ਹਾਰ ਗਿਆ। 55 ਘੰਟੇ ਤੋਂ ਵੱਧ ਦੇ ਬਚਾਅ ਕਾਰਜ ਤੋਂ ਬਾਅਦ ਬੀਤੀ ਰਾਤ ਉਸ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਕਿਹਾ, "ਬੱਚੇ ਨੂੰ ਐਡਵਾਂਸ ਲਾਈਫ ਸਪੋਰਟ ਸਿਸਟਮ ਵਾਲੀ ਐਂਬੂਲੈਂਸ ਵਿੱਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ।" ਇਹ ਘਟਨਾ ਸੋਮਵਾਰ ਦੁਪਹਿਰ ਕਰੀਬ 3 ਵਜੇ ਕਲੀਖੜ ਪਿੰਡ ਵਿੱਚ ਵਾਪਰੀ ਅਤੇ ਇੱਕ ਘੰਟੇ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਿਆ ਸੀ। ਆਰੀਅਨ ਇੱਕ ਖੇਤ ਵਿੱਚ ਖੇਡ ਰਿਹਾ ਸੀ ਅਤੇ ਅਚਾਨਕ ਆਪਣੀ ਮਾਂ ਦੇ ਸਾਹਮਣੇ ਬੋਰਵੈੱਲ ਵਿੱਚ ਡਿੱਗ ਗਿਆ। ਜਿਉਂ ਹੀ ਬਚਾਅ ਟੀਮ ਉੱਥੇ ਪਹੁੰਚੀ ਤਾਂ ਪਾਈਪ ਰਾਹੀਂ ਆਕਸੀਜਨ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਅਤੇ ਉਸ ਦੀ ਹਰਕਤ ਨੂੰ ਕੈਦ ਕਰਨ ਲਈ ਕੈਮਰਾ ਲਾਇਆ ਗਿਆ ਸੀ।
ਬੱਚੇ ਤੱਕ ਪਹੁੰਚਣ ਲਈ ਸਮਾਨਾਂਤਰ ਟੋਆ ਪੁੱਟਿਆ ਗਿਆ ਸੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੇ ਕਰਮਚਾਰੀਆਂ ਨੇ ਕਿਹਾ ਕਿ ਆਪਰੇਸ਼ਨ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਸਨ। ਖੇਤਰ ਵਿੱਚ ਪਾਣੀ ਦਾ ਪੱਧਰ ਲਗਭਗ 160 ਫੁੱਟ ਸੀ। ਪੀਟੀਆਈ