For the best experience, open
https://m.punjabitribuneonline.com
on your mobile browser.
Advertisement

ਦੌਲਤਪੁਰਾ ਮਾਈਨਰ ’ਚ ਪਾੜ ਪਿਆ, ਸੈਂਕੜੇ ਏਕੜ ਜ਼ਮੀਨ ’ਚ ਪਾਣੀ ਭਰਿਆ

07:53 AM Jul 16, 2024 IST
ਦੌਲਤਪੁਰਾ ਮਾਈਨਰ ’ਚ ਪਾੜ ਪਿਆ  ਸੈਂਕੜੇ ਏਕੜ ਜ਼ਮੀਨ ’ਚ ਪਾਣੀ ਭਰਿਆ
ਨਹਿਰ ਵਿੱਚ ਪਏ ਪਾੜ ਕਾਰਨ ਆਇਆ ਪਾਣੀ।
Advertisement

ਪੱਤਰ ਪ੍ਰੇਰਕ
ਅਬੋਹਰ, 15 ਜੁਲਾਈ
ਨਹਿਰਾਂ ਦੇ ਕੰਢਿਆਂ ’ਤੇ ਉੱਗੇ ਸੁੱਕੇ ਦਰੱਖਤ ਨਿੱਤ ਦਿਨ ਨਹਿਰਾਂ ਦੇ ਟੁੱਟਣ ਦਾ ਕਾਰਨ ਬਣ ਰਹੇ ਹਨ, ਜਿਸ ਕਾਰਨ ਬੀਤੀ ਰਾਤ ਦੌਲਤਪੁਰਾ ਮਾਈਨਰ ਵਿੱਚ ਪਿੰਡ ਉਸਮਾਨਖੇੜਾ ਦੇ ਟੇਲਾਂ ’ਤੇ ਪਾੜ ਪੈਣ ਕਾਰਨ ਸੈਂਕੜੇ ਏਕੜ ਜ਼ਮੀਨ ਪਾਣੀ ’ਚ ਡੁੱਬ ਗਈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਾਣੀ ਦਾ ਵਹਾਅ ਬੰਦ ਕਰਵਾ ਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਕਿਸਾਨਾਂ ਗੁਣਵੰਤ ਸਿੰਘ, ਗੁਰਸੇਵਕ ਸਿੰਘ, ਦਲਜੀਤ ਸਿੰਘ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਨਹਿਰ ਨੂੰ ਕਾਫੀ ਸਮੇਂ ਤੋਂ ਨਹੀਂ ਬਣਾਇਆ ਗਿਆ, ਪਰ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਵੀ ਇਹ ਨਹਿਰ ਟੁੱਟ ਜਾਂਦੀ ਹੈ, ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ।
ਕਿਸਾਨਾਂ ਨੇ ਦੋਸ਼ ਲਾਇਆ ਕਿ ਨਹਿਰ ਦੀ ਉਸਾਰੀ ਦੌਰਾਨ ਪੈਨਲਾਂ ਹੇਠ ਪਲਾਸਟਿਕ ਦੀਆਂ ਚਾਦਰਾਂ ਨਹੀਂ ਵਿਛਾਈਆਂ ਗਈਆਂ ਸਨ, ਜਿਸ ਕਾਰਨ ਪੈਨਲਾਂ ਵਿੱਚ ਪਾਣੀ ਵੜ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਕਿਸਾਨਾਂ ਨੇ ਦੱਸਿਆ ਕਿ ਨਹਿਰਾਂ ਦੇ ਨੇੜੇ ਲੱਗੇ ਸੁੱਕੇ ਦਰੱਖਤ ਵੀ ਨਹਿਰਾਂ ਦੇ ਟੁੱਟਣ ਦਾ ਕਾਰਨ ਬਣ ਰਹੇ ਹਨ, ਉਹ ਕਈ ਵਾਰ ਅਧਿਕਾਰੀਆਂ ਨੂੰ ਇਨ੍ਹਾਂ ਸੁੱਕੇ ਦਰੱਖਤਾਂ ਨੂੰ ਕੱਟਣ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਵੀ ਤੇਜ਼ ਹਨੇਰੀ ਜਾਂ ਮੀਂਹ ਪੈਂਦਾ ਹੈ ਤਾਂ ਇਹ ਸੁੱਕੇ ਦਰੱਖਤ ਡਿੱਗ ਕੇ ਨਹਿਰ ਵਿੱਚ ਵਹਿ ਜਾਂਦੇ ਹਨ ਜਿਸ ਕਾਰਨ ਨਹਿਰ ਟੁੱਟ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਹੁਣ ਜਦੋਂ ਨਹਿਰਾਂ ਆਈਆਂ ਤਾਂ ਇਨ੍ਹਾਂ ਦੇ ਟੁੱਟਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ।
ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5 ਵਜੇ ਨਹਿਰ ਟੁੱਟਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪਾਣੀ ਦੇ ਵਹਾਅ ਨੂੰ ਤੁਰੰਤ ਰੋਕ ਦਿੱਤਾ ਗਿਆ ਅਤੇ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਪਾਣੀ ਦਾ ਵਹਾਅ ਰੁਕਦੇ ਹੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਨਹਿਰ ਦੇ ਟੁੱਟਣ ਦੇ ਕਾਰਨਾਂ ਬਾਰੇ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਤੇਜ਼ ਹਨੇਰੀ ਕਾਰਨ ਦਰੱਖਤਾਂ ਦੀਆਂ ਟਾਹਣੀਆਂ ਨਹਿਰ ਵਿੱਚ ਡਿੱਗ ਗਈਆਂ ਅਤੇ ਟੇਲਾਂ ਨੇੜੇ ਜਾ ਕੇ ਫਸ ਗਈਆਂ, ਜਿਸ ਕਾਰਨ ਨਹਿਰ ਟੁੱਟ ਗਈ।

Advertisement

Advertisement
Author Image

sukhwinder singh

View all posts

Advertisement
Advertisement
×