ਖੂਨਦਾਨ ਕੈਂਪ ਲਗਾ ਕੇ ਧੀਆਂ ਦਾ ਜਨਮ ਦਿਨ ਮਨਾਇਆ
ਪੱਤਰ ਪ੍ਰੇਰਕ
ਅਮਰਗੜ੍ਹ, 17 ਨਵੰਬਰ
ਵਿਗਿਆਨਕ ਅਤੇ ਵੈੱਲਫ਼ੇਅਰ ਕਲੱਬ ਦੇ ਮੈਂਬਰ ਹਰਦੀਪ ਸਿੰਘ ਨੇ ਆਪਣੀਆਂ ਧੀਆਂ ਰੁਪਿੰਦਰ ਕੌਰ ਤੇ ਹਰਸੁੱਖ ਕੌਰ ਦੇ ਜਨਮ ਦਿਨ ਦੇ ਖੁਸ਼ੀ ਵਿੱਚ ਪਿੰਡ ਲਾਂਗੜੀਆਂ ਵਿੱਚ ਖੂਨਦਾਨ ਕੈਂਪ ਲਗਾ ਕੇ ਮਨਾਇਆ। ਕੈਂਪ ਦਾ ਉਦਘਾਟਨ ਸਰਪੰਚ ਅਮਨਦੀਪ ਕੌਰ ਲਾਂਗੜੀਆਂ ਨੇ ਕੀਤਾ। ਇਸ ਮੌਕੇ ਸਮਾਜ ਸੇਵਕ ਡਾ. ਕਿਰਨ ਕੁਮਾਰ ਮੋਨਾ ਤੇ ਡਾ. ਜਗਦੀਪ ਸਿੰਘ ਮਾਣਕ ਮਾਜਰਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖੂਨਦਾਨੀਆਂ ਦਾ ਸਨਮਾਨ ਕੀਤਾ। ਬੱਲਡ ਬੈਂਕ ਮਾਲੇਰਕੋਟਲਾ ਦੀ ਟੀਮ ਨੇ ਡਾ ਅਕਾਸ਼ਦੀਪ ਦੀ ਅਗਵਾਈ ਹੇਠ 43 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਡਾ. ਅਕਾਸ਼ਦੀਪ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਖੂਨ ਵਿੱਚ ਕਮੀ ਨਹੀਂ ਹੁੰਦੀ, ਸਗੋਂ ਖੂਨ ਥੋੜੇ ਸਮੇਂ ਵਿੱਚ ਹੀ ਖੂਨ ਪੂਰਾ ਹੋ ਜਾਂਦਾ ਹੈ। ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ ਨੇ ਕਿਹਾ ਕਿ ਹਰ ਵਿਅਕਤੀਆਂ ਨੂੰ ਸਾਲ ਵਿੱਚ ਇੱਕ ਵਾਰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ। ਮਰਨ ਉਪਰੰਤ ਅੱਖਾਂ ਦਾਨ ਨਾਲ ਦੋ ਵਿਅਕਤੀਆਂ ਦਾ ਜੀਵਨ ਰੋਸ਼ਨ ਹੋ ਜਾਂਦਾ ਹੈ। ਉਨ੍ਹਾਂ ਹਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਦੀਪ ਕੌਰ ਨੂੰ ਲੜਕੀਆਂ ਦਾ ਜਨਮ ਦਿਨ ਨਿਵੇਕਲੇ ਢੰਗ ਨਾਲ ਮਨਾਉਣ ਦੀ ਵਧਾਈ ਦਿੱਤੀ। ਕੈਂਪ ਨੂੰ ਸਫ਼ਲ ਬਣਾਉਣ ਲਈ ਠੇਕੇਦਾਰ ਸੁਖਦੀਪ ਸਿੰਘ, ਨਗਿੰਦਰ ਸਿੰਘ ਮਾਨਾ, ਅਮਰੀਕ ਸਿੰਘ, ਗੁਰਦੀਪ ਸਿੰਘ ਸਲਾਰ, ਰਣਵੀਰ ਸਿੰਘ ਰਾਣਾ, ਪੁਨੀਤ ਸਿਆਣ, ਸਹਿਲਪ੍ਰੀਤ ਸਿੰਘ, ਸਾਹਿਬਪ੍ਰੀਤ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕੈਂਪ ਦੌਰਾਨ 84 ਵਿਅਕਤੀਆਂ ਵੱਲੋਂ ਖੂਨ ਦਾਨ
ਲਹਿਰਾਗਾਗਾ (ਪੱਤਰ ਪ੍ਰੇਰਕ): ਅੱਜ ਇੱਥੇ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ, ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਅਤੇ ਸੰਕੀਰਤਨ ਮੰਡਲ ਵੱਲੋਂ ਐੱਚਐੱਚਡੀਐੱਫਸੀ ਬੈਂਕ ਦੇ ਸਹਿਯੋਗ ਨਾਲ ਪਹਿਲਾਂ ਖੂਨ ਦਾਨ ਕੈਂਪ ਅਤੇ 23ਵਾ ਚੈਰੀਟੇਬਲ ਸਿਹਤ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਪੁੱਤਰ ਤੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੌਰਵ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਸੰਸਥਾਵਾਂ ਵੱਲੋਂ ਧਾਰਮਿਕ ਤੇ ਸਮਾਜ ਸੇਵਾ ਦੇ ਨਿਭਾਏ ਰੋਲ ਦੀ ਸ਼ਲਾਘਾ ਕੀਤੀ। ਸੰਸਥਾ ਦੇ ਪ੍ਰਧਾਨ ਰਾਕੇਸ਼ ਕੁਮਾਰ ਬਾਂਸਲ ਅਤੇ ਰਾਜ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਬਲੱਡ ਬੈਂਕ ਸੰਗਰੂਰ ਦੇ ਮਾਹਿਰਾ ਵੱਲੋਂ ਕੈਂਪ ਵਿੱਚ 84 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਮੈਡੀਕਲ ਕੈਂਪ ਵਿੱਚ ਵੀ ਲਗਭਗ 100 ਲੋੜਵੰਦ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ।