For the best experience, open
https://m.punjabitribuneonline.com
on your mobile browser.
Advertisement

ਦੋ ਮਹੀਨਿਆਂ ਦੀਆਂ ਤਨਖਾਹਾਂ ਲੈਣ ਲਈ ਡਟੇ ਮਿੱਲ ਦੇ ਮਜ਼ਦੂਰ

10:13 AM May 25, 2024 IST
ਦੋ ਮਹੀਨਿਆਂ ਦੀਆਂ ਤਨਖਾਹਾਂ ਲੈਣ ਲਈ ਡਟੇ ਮਿੱਲ ਦੇ ਮਜ਼ਦੂਰ
ਤਨਖਾਹਾਂ ਨਾ ਮਿਲਣ ਕਾਰਨ ਮਿੱਲ ਦੇ ਬਾਹਰ ਧਰਨਾ ਦਿੰਦੇ ਹੋਏ ਮਜ਼ਦੂਰ। -ਫੋਟੋ:ਟੱਕਰ
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਮਈ
ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਦੀ ਖੁਸ਼ਹਾਲੀ ਲਈ ਨਵੀਆਂ ਉਦਯੋਗਿਕ ਇਕਾਈਆਂ ਸਥਾਪਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਆਰਥਿਕ ਮੰਦਹਾਲੀ ਕਾਰਨ ਧਾਗਾ ਫੈਕਟਰੀ ਦੇ 2 ਵੱਡੇ ਯੂਨਿਟ ਬੰਦ ਹੋ ਗਏ ਜਿਸ ਕਾਰਨ ਉਸ ’ਚ ਕੰਮ ਕਰਨ ਵਾਲੇ ਸੈਂਕੜੇ ਮਜ਼ਦੂਰ ਬੇਰੁਜ਼ਗਾਰ ਹੋ ਗਏ। ਮਾਛੀਵਾੜਾ ਦੇ ਕੁਹਾੜਾ ਰੋਡ ਅਤੇ ਰਾਹੋਂ ਰੋਡ ’ਤੇ ਪਿੰਡ ਝੜੌਦੀ ਨੇੜੇ ਇੱਕ ਹੀ ਉਦਯੋਗਿਕ ਘਰਾਣੇ ਦੇ ਦੋ ਵੱਡੇ ਧਾਗਾ ਯੂਨਿਟ ਹਨ ਜੋ ਫਿਲਹਾਲ ਪ੍ਰਬੰਧਕਾਂ ਵਲੋਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਮਿੱਲਾਂ ’ਚ ਕੰਮ ਕਰਦੇ ਸੈਂਕੜੇ ਮਜ਼ਦੂਰਾਂ ਜਿਨ੍ਹਾਂ ’ਚ ਸ਼ਾਮਲ ਸ਼ਿਮਲਾ ਦੇਵੀ, ਦਰਸ਼ਨ ਕੌਰ, ਵਿਕਾਸ ਆਦਿ ਨੇ ਦੱਸਿਆ ਕਿ ਉਹ ਜਿੱਥੇ ਬੇਰੁਜ਼ਗਾਰ ਹੋ ਗਏ ਹਨ ਉੱਥੇ 2-2 ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਅੱਜ ਉਨ੍ਹਾਂ ਮਿੱਲ ਦੇ ਗੇਟ ਅੱਗੇ ਤਪਦੀ ਗਰਮੀ ਵਿਚ ਧਰਨਾ ਲਗਾ ਦਿੱਤਾ। ਧਰਨੇ ’ਤੇ ਬੈਠੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੌਕਰੀ ਤਾਂ ਗਈ ਹੀ, ਹੁਣ ਮਿੱਲ ਮਾਲਕਾਂ ਵਲੋਂ ਉਨ੍ਹਾਂ ਨੂੰ 2-2 ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਔਖਾ ਹੋਇਆ ਪਿਆ ਹੈ। ਤਨਖਾਹ ਨਾ ਮਿਲਣ ਕਾਰਨ ਉਹ ਆਪਣੇ ਮਕਾਨਾਂ ਦਾ ਕਿਰਾਇਆ ਵੀ ਨਹੀਂ ਦੇ ਸਕੇ ਅਤੇ ਪੇਟ ਭਰਨ ਲਈ ਰਾਸ਼ਨ ਖਰੀਦਣਾ ਵੀ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਮਿੱਲ ਪ੍ਰਬੰਧਕਾਂ ਕੋਲੋਂ ਤਨਖਾਹ ਮੰਗਦੇ ਹਨ ਤਾਂ ਰੋਜ਼ਾਨਾ ਹੀ ਲਾਰੇ ਲਗਾਏ ਜਾਂਦੇ ਹਨ। ਮਜ਼ਦੂਰਾਂ ਨੇ ਲੇਬਰ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬਕਾਇਆ ਤਨਖਾਹ ਤੁਰੰਤ ਮਿੱਲ ਪ੍ਰਬੰਧਕਾਂ ਤੋਂ ਦਿਵਾਈ ਜਾਵੇ।

Advertisement

ਮਜ਼ਦੂਰਾਂ ਨੂੰ ਜਲਦ ਤਨਖਾਹ ਦਿੱਤੀ ਜਾਵੇਗੀ: ਸੁਪਰਵਾਈਜ਼ਰ

ਮਿੱਲ ਦੇ ਸੁਪਰਵਾਈਜ਼ਰ ਜਸਦੇਵ ਸਿੰਘ ਨੇ ਕਿਹਾ ਕਿ ਧਾਗਾ ਮਿੱਲ ਪਿਛਲੇ ਕਾਫ਼ੀ ਸਮੇਂ ਤੋਂ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮਿੱਲ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਜੋ ਮਜ਼ਦੂਰਾਂ ਦੀ ਤਨਖਾਹ ਹੈ ਉਹ ਅਗਲੇ ਹਫ਼ਤੇ ਦੇ ਦਿੱਤੀ ਜਾਵੇਗੀ। ਲੇਬਰ ਇੰਸਪੈਕਟਰ ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਜਲਦ ਹੀ ਮੌਕੇ ’ਤੇ ਜਾ ਮਿੱਲ ਮਾਲਕਾਂ ਤੇ ਮਜ਼ਦੂਰਾਂ ਨਾਲ ਗੱਲਬਾਤ ਕਰ ਸਮੱਸਿਆ ਦਾ ਹੱਲ ਕਰਨਗੇ ਅਤੇ ਜੇਕਰ ਤਨਖਾਹ ਨਾ ਦਿੱਤੀ ਤਾਂ ਮਿੱਲ ਮਾਲਕਾਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਬਿਜਲੀ ਕੁਨੈਕਸ਼ਨ ਕੱਟੇ; ਮਜ਼ਦੂਰ ਹਾਲੋਂ-ਬੇਹਾਲ

ਮਾਛੀਵਾੜਾ ਇਲਾਕੇ ਦੀਆਂ ਆਰਥਿਕ ਮੰਦਹਾਲੀ ਕਾਰਨ ਬੰਦ ਹੋਈਆਂ 2 ਧਾਗਾ ਫੈਕਟਰੀਆਂ ਦੀ ਬਿਜਲੀ ਵਿਭਾਗ ਵੱਲ ਕਰੀਬ 1.50 ਕਰੋੜ ਤੋਂ ਵੱਧ ਬਕਾਇਆ ਰਕਮ ਦੱਸੀ ਜਾ ਰਹੀ ਹੈ ਜਿਸ ਕਾਰਨ ਵਿਭਾਗ ਨੇ ਇਨ੍ਹਾਂ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਹਨ। ਮਿੱਲ ਦੇ ਅੰਦਰ ਬਣੀ ਕਲੋਨੀ ਵਿਚ ਕੁਝ ਮਜ਼ਦੂਰ ਵੀ ਰਹਿੰਦੇ ਹਨ ਜੋ ਹੁਣ ਉੱਥੇ ਬਿਜਲੀ ਨਾ ਹੋਣ ਕਾਰਨ ਹਾਲੋ-ਬੇਹਾਲ ਬੈਠੇ ਹਨ।

Advertisement
Author Image

joginder kumar

View all posts

Advertisement
Advertisement
×