ਪੰਜ ਰਾਜਾਂ ’ਚ ਅਸੈਂਬਲੀ ਚੋਣਾਂ ਲਈ ਤਰੀਕਾਂ ਦਾ ਐਲਾਨ
ਨਵੀਂ ਦਿੱਲੀ, 9 ਅਕਤੂਬਰ
ਚੋਣ ਕਮਿਸ਼ਨ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੰਚ ਤਿਆਰ ਕਰਦਿਆਂ ਅੱਜ ਪੰਜ ਰਾਜਾਂ- ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ ਤੇ ਮਿਜ਼ੋਰਮ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਪੰਜ ਰਾਜਾਂ ਦੀਆਂ ਅਸੈਂਬਲੀਆਂ ਲਈ 7 ਤੋਂ 30 ਨਵੰਬਰ ਦੌਰਾਨ ਵੱਖੋ ਵੱਖਰੇ ਦਿਨਾਂ ਨੂੰ ਵੋਟਾਂ ਪੈਣਗੀਆਂ ਜਦੋਂਕਿ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਇਕੋ ਦਿਨ 3 ਦਸੰਬਰ ਨੂੰ ਹੋਵੇਗਾ। ਛੱਤੀਸਗੜ੍ਹ ਵਿੱਚ ਦੋ ਪੜਾਵਾਂ (7 ਤੇ 17 ਨਵੰਬਰ) ਜਦੋਂਕਿ ਬਾਕੀ ਚਾਰ ਰਾਜਾਂ- ਮਿਜ਼ੋਰਮ (7 ਨਵੰਬਰ), ਮੱਧ ਪ੍ਰਦੇਸ਼ (17 ਨਵੰਬਰ), ਰਾਜਸਥਾਨ (23 ਨਵੰਬਰ) ਤੇ ਤਿਲੰਗਾਨਾ (30 ਨਵੰਬਰ) ਵਿੱਚ ਇਕਹਿਰੇ ਗੇੜ ਤਹਿਤ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਨ ਲਈ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਰੀਬ 16 ਕਰੋੜ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਹੋਣਗੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਇਨ੍ਹਾਂ ਰਾਜਾਂ ਵਿੱਚ ਆਦਰਸ਼ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ। ਮਿਜ਼ੋਰਮ ਦੀਆਂ ਸਾਰੀਆਂ 40 ਅਸੈਂਬਲੀ ਸੀਟਾਂ ਲਈ 7 ਨਵੰਬਰ ਨੂੰ ਵੋਟਾਂ ਪੈਣਗੀਆਂ ਜਦੋਂਕਿ ਇਸੇ ਦਿਨ ਛੱਤੀਸਗੜ੍ਹ ਵਿੱਚ ਪਹਿਲੇੇ ਪੜਾਅ ਤਹਿਤ 20 ਸੀਟਾਂ ਲਈ ਪੋਲਿੰਗ ਹੋਵੇਗੀ। ਛੱਤੀਸਗੜ੍ਹ ਦੀਆਂ ਬਾਕੀ ਬਚਦੀਆਂ 70 ਸੀਟਾਂ ਲਈ 17 ਨਵੰਬਰ ਨੂੰ ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਸੀਟਾਂ ਨਾਲ ਵੋਟਾਂ ਪੈਣਗੀਆਂ। ਰਾਜਸਥਾਨ ਦੀਆਂ ਸਾਰੀਆਂ 200 ਅਸੈਂਬਲੀ ਸੀਟਾਂ 23 ਨਵੰਬਰ ਤੇ 119 ਮੈਂਬਰੀ ਤਿਲੰਗਾਨਾ ਅਸੈਂਬਲੀ ਲਈ ਸਭ ਤੋਂ ਅਖੀਰ ਵਿੱਚ 30 ਨਵੰਬਰ ਨੂੰ ਪੋਲਿੰਗ ਦਾ ਅਮਲ ਸਿਰੇ ਚੜ੍ਹੇਗਾ। ਪੰਜ ਰਾਜਾਂ ਲਈ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੈਂਬਲੀ ਚੋਣਾਂ ਦਾ ਇਹ ਆਖਰੀ ਸੈੱਟ ਹੋਵੇਗਾ। ਕਾਂਗਰਸ ਜਿੱਥੇ ਰਾਜਸਥਾਨ ਤੇ ਛੱਤੀਸਗੜ੍ਹ ’ਚ ਸੱਤਾ ਵਿਚ ਹੈ, ਉਥੇੇ ਮੱਧ ਪ੍ਰਦੇਸ਼ ਵਿਚ ਭਾਜਪਾ, ਤਿਲੰਗਾਨਾ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਤੇ ਮਿਜ਼ੋਰਮ ਵਿਚ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ) ਪਾਰਟੀ ਦੀ ਸਰਕਾਰ ਹੈ। ਸੀਈਸੀ ਨੇ ਕਿਹਾ ਕਿ ਇਨ੍ਹਾਂ ਪੰਜ ਰਾਜਾਂ ਵਿੱਚ 1.77 ਲੱਖ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ ਤੇ ਇਨ੍ਹਾਂ ਵਿਚੋਂ 1.01 ਲੱਖ ਵਿੱਚ ਵੈੱਬਕਾਸਟਿੰਗ ਦੀ ਸਹੂਲਤ ਉਪਲੱਬਧ ਰਹੇਗੀ। ਉਨ੍ਹਾਂ ਕਿਹਾ ਕਿ ਅੱਠ ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਮਹਿਲਾਵਾਂ ਹੱਥ ਰਹੇਗਾ। ਕੁਮਾਰ ਨੇ ਕਿਹਾ, ‘‘ਅਸੀਂ ਛੇ ਮਹੀਨਿਆਂ ਦੇ ਵਕਫ਼ੇ ਮਗਰੋਂ ਇਥੇ ਇਕੱਠੇ ਹੋਏ ਹਾਂ। ਇਹ ਚੋਣਾਂ ਦੇਸ਼ ਲਈ ਬਹੁਤ ਅਹਿਮ ਹਨ ਅਤੇ ਇਸ ਮਗਰੋਂ, ਅਸੀਂ ਲੋਕ ਸਭਾ ਚੋਣਾਂ ਦੇ ਐਲਾਨ ਲਈ ਮਿਲਾਂਗੇ।’’ ਉਨ੍ਹਾਂ ਕਿਹਾ, ‘‘ਮਿਜ਼ੋਰਮ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼ ਤੇ ਤਿਲੰਗਾਨਾ ਵਿਚ ਅਸੈਂਬਲੀ ਚੋਣਾਂ ਦੀ ਤਿਆਰੀ ਮੌਕੇ ਅਸੀਂ ਸਿਆਸੀ ਪਾਰਟੀਆਂ ਤੇ ਐੱਨਫੋਰਸਮੈਂਟ ਏਜੰਸੀਆਂ ਸਣੇ ਸਾਰੇ ਸਬੰਧਤ ਭਾਈਵਾਲਾਂ ਨੂੰ ਮਿਲੇ।’’ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਚੋਣ ਸੂਚੀਆਂ ਨੂੰ ਸੰਮਲਿਤ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਤੇ ਸਾਰਾ ਧਿਆਨ ਇਹ ਯਕੀਨੀ ਬਣਾਉਣ ’ਤੇ ਰਹੇਗਾ ਕਿ ਸਾਰੇ ਵੋਟਰ ਵੋਟ ਪਾਉਣ ਲਈ ਆਉਣ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਤਿਲੰਗਾਨਾ ਤੇ ਮਿਜ਼ੋਰਮ ਵਿੱਚ 8.2 ਕਰੋੜ ਪੁਰਸ਼ ਤੇ 7.8 ਕਰੋੜ ਮਹਿਲਾ ਵੋਟਰ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਅੰਕੜਾ 60.2 ਲੱਖ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਅਸੈਂਬਲੀ ਚੋਣਾਂ ਵਾਸਤੇ ਨਵਾਂ ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ ਲਿਆਂਦਾ ਗਿਆ ਹੈ। -ਪੀਟੀਆਈ
ਜੰਮੂ ਕਸ਼ਮੀਰ ’ਚ ਸੁਰੱਖਿਆ ਹਾਲਾਤ ਦੀ ਸਮੀਖਿਆ ਮਗਰੋਂ ਕਰਾਵਾਂਗੇ ਚੋਣਾਂ: ਚੋਣ ਕਮਿਸ਼ਨ
ਨਵੀਂ ਦਿੱਲੀ/ਸ੍ਰੀਨਗਰ: ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ’ਚ ਸੁਰੱਖਿਆ ਹਾਲਾਤ ਨੂੰ ਧਿਆਨ ’ਚ ਰਖਦਿਆਂ ਸਹੀ ਸਮੇਂ ’ਤੇ ਚੋਣਾਂ ਕਰਾਈਆਂ ਜਾਣਗੀਆਂ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਲਈ ਪੱਤਰਕਾਰ ਸੰਮੇਲਨ ਦੌਰਾਨ ਇਹ ਟਿੱਪਣੀ ਕੀਤੀ। ਉੱਧਰ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਚੁਣੀ ਹੋਈ ਸਰਕਾਰ ਦਾ ਆਪਣਾ ਹੱਕ ਹਾਸਲ ਕਰਨ ਲਈ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਚੋਣਾਂ ਉਦੋਂ ਹੋਣਗੀਆਂ ਜਦੋਂ ਸੁਰੱਖਿਆ ਸਥਿਤੀ ਤੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹੋਣ ਵਾਲੀਆਂ ਹੋਰ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਕਮਿਸ਼ਨ ਸਹੀ ਸਮਾਂ ਸਮਝੇਗਾ। ਦੂਜੇ ਪਾਸੇ ਉਮਰ ਅਬਦੁੱਲ੍ਹਾ ਨੇ ਕਿਹਾ, ‘ਅਜਿਹਾ ਲਗਦਾ ਹੈ ਸਾਨੂੰ ਅਜਿਹੀ ਸਥਿਤੀ ’ਚ ਧੱਕਿਆ ਜਾ ਰਿਹਾ ਹੈ ਜਿੱਥੇ ਸਾਨੂੰ ਜਮਹੂਰੀ ਅਧਿਕਾਰਾਂ ਲਈ ਵੀ ਪ੍ਰਦਰਸ਼ਨ ਕਰਨਾ ਪਵੇ।’ -ਪੀਟੀਆਈ
ਚੋਣ ਡਿਊਟੀ ਅਮਲਾ ਫੈਸਿਲੀਟੇਸ਼ਨ ਸੈਂਟਰਾਂ ਵਿੱਚ ਪਾ ਸਕੇਗਾ ਪੋਸਟਲ ਬੈਲੇਟ
ਨਵੀਂ ਦਿੱਲੀ: ਪੰਜ ਰਾਜਾਂ ਵਿੱਚ ਚੋਣ ਡਿਊਟੀ ’ਤੇ ਤਾਇਨਾਤ ਅਮਲੇ ਨੂੰ ਨਿਰਧਾਰਿਤ ਫੈਸਿਲੀਟੇਸ਼ਨ ਸੈਂਟਰਾਂ ਵਿੱਚ ਹੀ ਆਪਣੀ ਵੋਟ ਪਾਉਣੀ ਹੋਵੇਗੀ। ਅਮਲੇ ਦੇ ਮੈਂਬਰ ਹੁਣ ਬੈਲੇਟ ਪੇਪਰਾਂ ਨੂੰ ਆਪਣੇ ਨਾਲ ਲੰਮਾ ਸਮਾਂ ਨਹੀਂ ਰੱਖ ਸਕਣਗੇ। ਚੋਣ ਡਿਊਟੀ ’ਤੇ ਤਾਇਨਾਤ ਅਮਲੇ ਨੂੰ ਦਿੱਤੀ ਪੋਸਟਲ ਬੈਲੇਟ ਦੀ ਸਹੂਲਤ ਦੀ ਸੰਭਾਵੀ ਦੁਰਵਰਤੋਂ ਨੂੰ ਰੋਕਣ ਦੇ ਇਰਾਦੇ ਨਾਲ ਚੋਣ ਕਮਿਸ਼ਨ ਦੀ ਸਿਫਾਰਸ਼ ’ਤੇ ਸਰਕਾਰ ਨੇ ਹਾਲ ਹੀ ਵਿੱਚ ਚੋਣ ਨੇਮਾਂ ਵਿਚ ਫੇਰਬਦਲ ਕੀਤਾ ਸੀ। ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਪੋਸਟਲ ਬੈਲੇਟ ਦੀ ਵਰਤੋਂ ਕਰਨ ਵਾਲੇ ਵੋਟਰ ਇਕ ਫੋਰਸ ਤੇ ਫਾਇਦੇ ਵਾਲਾ ਸਮੂਹ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਨੂੰ ਪੋਸਟ ਬੈਲੇਟ ਦੀ ਦੁੁੁਰਵਰਤੋਂ ਨਹੀਂ ਕਹਾਂਗੇ। ਪਰ ਜੇ ਕੋਈ ਸਰਕਾਰੀ ਮੁਲਾਜ਼ਮ, ਜੋ ਪੋਸਟਲ ਬੈਲੇਟ ਸਹੂਲਤ ਵਰਤ ਰਿਹਾ ਹੈ, ਸੌਦੇਬਾਜ਼ੀ ਕਰਦਾ ਹੈ...ਉਨ੍ਹਾਂ ਦੇ ਆਪਣੇ ਹਿੱਤ ਹਨ...ਇਹ ਕਾਨੂੰਨੀ ਤੌਰ ’ਤੇ ਜਾਇਜ਼ ਨਹੀਂ ਹੈ।’’ ਚੋਣ ਕਮਿਸ਼ਨ ਨੇ ਸਿਫਾਰਸ਼ ਕੀਤੀ ਸੀ ਕਿ ਕੰਡਕਟ ਆਫ਼ ਇਲੈਕਸ਼ਨ ਰੂਲਜ਼ 1961 ਵਿੱਚ ਸੋਧ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਡਿਊਟੀ ’ਤੇ ਤਾਇਨਾਤ ਅਮਲਾ ਤਾਇਨਾਤੀ ਵਾਲੇ ਸਥਾਨਾਂ ’ਤੇ ਪੈਂਦੇ ਵੋਟਰ ਫੈਸਿਲੀਟੇਸ਼ਨ ਸੈਂਟਰਾਂ ’ਚ ਵੋਟ ਪਾ ਸਕਣ। -ਪੀਟੀਆਈ
ਭਾਜਪਾ ਤੇ ਭਾਈਵਾਲਾਂ ਦੀ ਵਿਦਾਇਗੀ ਦਾ ਐਲਾਨ ਹੋਇਆ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੰਜ ਰਾਜਾਂ ਵਿੱਚ ਚੋਣਾਂ ਦੇ ਐਲਾਨ ਨਾਲ ਭਾਜਪਾ ਤੇ ਇਸ ਦੇ ਭਾਈਵਾਲਾਂ ਦੀ ਵਿਦਾਇਗੀ ਦਾ ਵੀ ਐਲਾਨ ਹੋ ਗਿਆ ਹੈ। ਖੜਗੇ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਪੂਰੀ ਤਾਕਤ ਨਾਲ ਲੋਕਾਂ ਕੋਲ ਜਾਵੇਗੀ ਤੇ ਉਨ੍ਹਾਂ ਨੂੰ ਲੋਕ ਭਲਾਈ, ਸਮਾਜਿਕ ਨਿਆਂ ਤੇ ਪ੍ਰਗਤੀਸ਼ਾਲੀ ਵਿਕਾਸ ਬਾਰੇ ਆਪਣੀਆਂ ਗਾਰੰਟੀਆਂ ਤੋਂ ਜਾਣੂ ਕਰਵਾਏਗੀ।
ਭਾਜਪਾ ਸਾਰੇ ਰਾਜਾਂ ’ਚ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ: ਨੱਢਾ
ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਪੰਜ ਰਾਜਾਂ ਵਿੱਚ ਅਸੈਂਬਲੀ ਚੋਣਾਂ ਦੇ ਐਲਾਨ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੱਡੇ ਬਹੁਮਤ ਨਾਲ ਇਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਏਗੀ। ਨੱਢਾ ਨੇ ਚੋਣ ਕਮਿਸ਼ਨ ਦੇ ਐਲਾਨ ਮਗਰੋਂ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਭਾਜਪਾ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੱਡੇ ਬਹੁਮਤ ਨਾਲ ਸਾਰੇ ਰਾਜਾਂ ਵਿੱਚ ਸਰਕਾਰ ਬਣਾਏਗੀ ਤੇ ਲੋਕਾਂ ਦੀਆਂ ਇੱਛਾਵਾਂ ਪੂਰੀ ਕਰਨ ਲਈ ਅਗਲੇ ਪੰਜ ਸਾਲ ਵਚਨਬੱਧਤਾ ਨਾਲ ਕੰਮ ਕਰੇਗੀ।’’