ਦਸੂਹਾ: ਵਿਕਾਸ ਕਾਰਜਾਂ ਲਈ 2 ਕਰੋੜ ਦੇ ਮਤੇ ਪਾਏ
ਭਗਵਾਨ ਦਾਸ ਸੰਦਲ
ਦਸੂਹਾ, 18 ਦਸੰਬਰ
ਇੱਥੇ ਨਗਰ ਕੌਂਸਲ ਦਸੂਹਾ ਦੀ ਮੀਟਿੰਗ ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ, ਕੌਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਸੋਨੂੰ ਖਾਲਸਾ ਸਣੇ ਕੌਂਸਲਰਾਂ ਤੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਿਕਾਸ ਲਈ ਕਰੀਬ 2 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਮਤੇ ਪਾਏ ਗਏ। ਵਿਧਾਇਕ ਸ੍ਰੀ ਘੁੰਮਣ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਅਤੇ ਵਿਕਾਸ ਦੀ ਇਹ ਰਫ਼ਤਾਰ ਭਵਿੱਖ ਵਿੱਚ ਵੀ ਜਾਰੀ ਰਹੇਗੀ।
ਇਸ ਤੋਂ ਇਲਾਵਾ ਹਾਊਸ ਦੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਭੱਖਵੇਂ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਲਾਕੇ ’ਚ ਆਵਾਜਾਈ ਦੀ ਸਮੱਸਿਆ ਦੇ ਹੱਲ ’ਤੇ ਵਿਚਾਰ ਚਰਚਾ ਕਰਦਿਆਂ ਵਿਧਾਇਕ ਘੁੰਮਣ ਨੇ ਜਿੱਥੇ ਕੌਂਸਲ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ, ਉੱਥੇ ਹੀ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਪ੍ਰਧਾਨ ਸੁੱਚਾ ਸਿੰਘ ਲੂਫਾ ਨੇ ਵਿਧਾਇਕ ਘੁੰਮਣ ਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੌਂਸਲ ਸ਼ਹਿਰ ਦੇ ਚਹੁੰਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਈਓ ਕਮਲਜਿੰਦਰ ਸਿੰਘ, ਕੌਂਸਲਰ ਯੋਵਨ ਬੱਸੀ, ਰਾਕੇਸ਼ ਬੱਸੀ, ਰਾਜੇਸ਼ ਪਿੰਕੀ, ਸੰਤੋਖ ਤੋਖੀ ਤੇ ਚੰਦਰ ਸ਼ੇਖਰ ਬੰਟੀ ਤੇ ਕੌਂਸਲ ਅਧਿਕਾਰੀ ਮੌਜੂਦ ਸਨ।