ਦਸੂਹਾ ਲੁੱਟ: ਸਰਾਫ਼ ਤੇ ਸਾਥੀ ਮੁਲਾਜ਼ਮ ਗ੍ਰਿਫ਼ਤਾਰ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 31 ਜੁਲਾਈ
ਹਲਕਾ ਦਸੂਹਾ ਦੇ ਪਿੰਡ ਰਾਮਪੁਰ ਹਲੇੜ ਵਿੱਚ ਬੀਤੇ ਦਿਨੀਂ ਹੋਈ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 14.60 ਲੱਖ ਰੁਪਏ ਦੀ ਨਕਦੀ ਅਤੇ ਲਗਪਗ 17 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।
ਪੁਲੀਸ ਅਨੁਸਾਰ ਜਿਊਲਰ ਵਿਜੇ ਵਰਮਾ ਸਹਿਦੇਵ ਦੇ ਪੁੱਤਰ ਅਤੁੱਲ ਵਰਮਾ ਨੇ ਆਪਣੇ ਵਰਕਰ ਦਿਨੇਸ਼ ਕੁਮਾਰ ਵਾਸੀ ਨਮੋਲੀ ਨਾਲ ਮਿਲ ਕੇ ਲੁੱਟ ਦੀ ਯੋਜਨਾ ਘੜੀ ਸੀ। ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਇਕ ਲੋਜੈਸਟਿਕ ਕੰਪਨੀ ਦੇ ਨਾਲ ਕੰਮ ਕਰਨ ਵਾਲੇ ਇਕ ਮੁਲਾਜ਼ਮ ਭਰਤ ਸੈਣੀ ਮੂਲ ਵਾਸੀ ਰਾਜਸਥਾਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ 29 ਜੁਲਾਈ ਨੂੰ ਉਹ ਚੰਡੀਗੜ੍ਹ ਤੋਂ ਪਾਰਸਲ ਲੈ ਕੇ ਹੁਸ਼ਿਆਰਪੁਰ ਆਇਆ। ਇਕ ਪਾਰਸਲ ਉਸ ਨੇ ਹੁਸ਼ਿਆਰਪੁਰ ਦੇ ਇਕ ਸਰਾਫ਼ ਨੂੰ ਦੇ ਕੇ 18.40 ਲੱਖ ਰੁਪਏ ਦੀ ਨਕਦੀ ਪ੍ਰਾਪਤ ਕੀਤੀ। ਇਕ ਪਾਰਸਲ ਉਸ ਨੇ ਵਿਜੇ ਵਰਮਾ ਸਹਿਦੇਵ ਜਿਊਲਰ ਤਲਵਾੜਾ ਨੂੰ ਦੇਣਾ ਸੀ। ਜਿਊਲਰ ਦੇ ਪੁੱਤਰ ਅਤੁੱਲ ਵਰਮਾ ਨੇ ਉਸ ਨੂੰ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ ਆਪਣੀ ਡਿਜ਼ਾਇਰ ਕਾਰ ਵਿਚ ਬਿਠਾ ਲਿਆ ਅਤੇ ਤਲਵਾੜਾ ਨੂੰ ਚੱਲ ਪਿਆ। ਰਾਹ ਵਿਚ ਪਿੰਡ ਰਾਮਪੁਰ ਹਲੇੜ ’ਚ ਅਤੁੱਲ ਵਰਮਾ ਗੱਡੀ ਰੋਕ ਕੇ ਬਾਹਰ ਨਿਕਲ ਗਿਆ। ਇੰਨੇ ਵਿਚ ਦੋ ਅਣਪਛਾਤੇ ਐਕਟਿਵਾ ਸਵਾਰ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋਂ ਸੋਨਾ ਤੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਇੱਥੇ ਐਸ.ਐਸ.ਪੀ ਸਰਤਾਜ ਚਾਹਲ ਨੇ ਦੱਸਿਆ ਕਿ ਦਸੂਹਾ ਪੁਲੀਸ ਨੇ ਕੇਸ ਦਰਜ ਕਰਕੇ ਜਦੋਂ ਤਫਸ਼ੀਸ਼ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਅਤੁੱਲ ਵਰਮਾ ਨੇ ਆਪਣੇ ਵਰਕਰ ਦਿਨੇਸ਼ ਕੁਮਾਰ ਵਾਸੀ ਨਮੋਲੀ ਨਾਲ ਮਿਲ ਕੇ ਲੁੱਟ ਦੀ ਯੋਜਨਾ ਘੜੀ ਸੀ। ਐਸ.ਐਸ.ਪੀ ਨੇ ਦੱਸਿਆ ਕਿ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਸੋਨਾ ਅਤੇ ਨਕਦੀ ਬਰਾਮਦ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਤੀਜੇ ਮੁਲਜ਼ਮ ਨੂੰ ਅਜੇ ਗ੍ਰਿਫ਼ਤਾਰ ਕੀਤਾ ਜਾਣਾ ਬਾਕੀ ਹੈ।