ਦਸੂਹਾ: ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਵਾਧਾ
ਪੱਤਰ ਪ੍ਰੇਰਕ
ਦਸੂਹਾ, 24 ਜੂਨ
ਖੇਤਰ ਵਿੱਚ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਲੋਕ ਪ੍ਰੇਸ਼ਾਨ ਹਨ ਤੇ ਉਹ ਖੁਦ ਨੂੰ ਅਸੁੱਰਖਿਅਤ ਮਹਿਸੂਸ ਕਰ ਰਹੇ ਹਨ। ਜਾਣਕਾਰੀ ਅਨੁਸਾਰ 15 ਜੂਨ ਦੀ ਰਾਤ ਨੂੰ ਸਥਾਨਕ ਡਾਕਖਾਨਾ ਸਾਹਮਣੇ ਇਕ ਫਾਇਨਾਂਸ ਕੰਪਨੀ ਤੋਂ ਅਣਪਛਾਤੇ ਲੁਟੇਰੇ 2.33 ਲੱਖ ਰੁਪਏ ਦੀ ਲੁੱਟ ਕੇ ਫਰਾਰ ਹੋ ਗਏ ਸਨ।
ਇਕ ਹਫਤਾ ਬੀਤਣ ਮਗਰੋਂ ਵੀ ਇਸ ਸਬੰਧੀ ਪੁਲੀਸ ਦੇ ਹੱਥ ਖਾਲੀ ਹਨ। ਹਾਲੇ ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ ਕਿ 16 ਜੂਨ ਨੂੰ ਕਸਬਾ ਮੁੱਹਲਾ ’ਚ ਚੋਰਾਂ ਨੇ ਇਕ ਘਰ ’ਚੋਂ ਗਹਿਣੇ ਤੇ ਨਕਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਤੋਂ ਬਾਅਦ ਸਥਾਨਕ ਮਿਆਣੀ ਰੋਡ ’ਤੇ ਦੋ ਧਿਰਾਂ ਦੇ ਝਗੜੇ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ, ਜਿਸ ਵਿੱਚ ਮਾਰੂ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਸਬੰਧੀ ਡੀਐੱਸਪੀ ਦਸੂਹਾ ਜਗਦੀਸ਼ ਰਾਜ ਅੱਤਰੀ ਤੇ ਥਾਣਾ ਮੁਖੀ ਹਰਪ੍ਰੇਮ ਸਿੰਘ ਨਾਲ ਸੰਪਰਕ ਕਰਨ ’ਤੇ ਉਨਾਂ ਫੋਨ ਨਹੀ ਚੁੱਕਿਆ। ਦੂਜੇ ਪਾਸੇ ਇਲਾਕੇ ਦੇ ਮੋਹਤਬਰਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਇਲਾਕੇ ਅੰਦਰ ਵੱਧ ਰਹੀਆਂ ਅਪਰਾਧਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਪੁਲੀਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ।