For the best experience, open
https://m.punjabitribuneonline.com
on your mobile browser.
Advertisement

ਦਸਤਾਰ: ਸਿੱਖ ਦੀ ਇੱਜ਼ਤ ਤੇ ਅਣਖ ਦੀ ਪ੍ਰਤੀਕ

10:45 AM Apr 13, 2024 IST
ਦਸਤਾਰ  ਸਿੱਖ ਦੀ ਇੱਜ਼ਤ ਤੇ ਅਣਖ ਦੀ ਪ੍ਰਤੀਕ
Advertisement

ਕਰਨੈਲ ਸਿੰਘ ਐੱਮ.ਏ.

Advertisement

ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਬਾਲਪਨ ਤੋਂ ਹੀ ਸਿਰ ’ਤੇ ਦਸਤਾਰ ਸਜਾਉਂਦੇ ਸਨ। ਜਨਮਸਾਖੀਆਂ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਪੂਰਬ ਵੱਲ ਗਏ ਤਾਂ ਬਿਸ਼ੰਭਪੁਰ ਨਗਰ ਵਿਖੇ ਉਨ੍ਹਾਂ ਦਾ ਮਿਲਾਪ ਸਾਲਸ ਰਾਏ ਜੌਹਰੀ ਨਾਲ ਹੋਇਆ। ਉਸ ਦੀ ਸ਼ਰਧਾ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਦਸਤਾਰ ਬਖ਼ਸ਼ਿਸ਼ ਕੀਤੀ ਅਤੇ ਸਿੱਖ ਧਰਮ ਦਾ ਪ੍ਰਚਾਰਕ ਨਿਯੁਕਤ ਕੀਤਾ। ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਦੇ ਦਰਬਾਰੀ ਢਾਡੀ ਭਾਈ ਅਬਦੁੱਲਾ ਜੀ ਤੇ ਭਾਈ ਨੱਥ ਮੱਲ ਜੀ ਗੁਰੂ ਸਾਹਿਬ ਦੀ ਦਸਤਾਰ ਦੀ ਸੋਭਾ ਬਿਆਨਦੇ ਹੋਏ ਲਿਖਦੇ ਹਨ:
ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ
ਇੱਕ ਅਜ਼ਮਤ ਦੀ ਇੱਕ ਰਾਜ ਦੀ
ਇੱਕ ਰਾਖੀ ਕਰੇ ਵਜ਼ੀਰ ਦੀ
ਪੱਗ ਤੇਰੀ ਕਿ ਜਹਾਂਗੀਰ ਦੀ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਦਸਤਾਰ ਨੂੰ ਸਿੱਖੀ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ। ਇਸ ਦਾ ਜ਼ਿਕਰ ਭਾਈ ਦੇਸਾ ਸਿੰਘ ਦੇ ਰਹਿਤਨਾਮਿਆਂ, ਭਾਈ ਨੰਦ ਲਾਲ ਦੇ ਤਨਖਾਹਨਾਮੇ ਅਤੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਮਿਲਦਾ ਹੈ। ਵਿਸਾਖੀ ਵਾਲੇ ਦਿਨ ਦਰਸ਼ਨ ਕਰਨ ਆਏ ਮਸੰਦਾਂ ਨੂੰ ਦਸਤਾਰ ਦੀ ਬਖ਼ਸ਼ਿਸ਼ ਕਰਕੇ ਵਿਦਾ ਕੀਤਾ ਜਾਂਦਾ ਸੀ। ਭਾਈ ਚੌਪਾ ਸਿੰਘ ਨੇ ਵੀ ਦਸਤਾਰ ਬਾਰੇ ਲਿਖਿਆ ਹੈ:
ਪੱਗ ਰਾਤੀਂ ਲਾਹ ਕੇ ਸੌਵੇਂ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਫਿਰੇ ਰਵਾਲ ਪਾਏ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਮਾਰਗ ਟੁਰੇ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਭੋਜਨ ਕਰੇ, ਸੋ ਭੀ ਤਨਖਾਹੀਆ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਦਸਤਾਰ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਜਿਸ ਦੀ ਸੰਗਿਆ ਪੱਗ ਹੈ। ਪੱਗ ਨੂੰ ਪਗੜੀ ਤੇ ਦਸਤਾਰ ਵੀ ਕਿਹਾ ਜਾਂਦਾ ਹੈ। ਸਾਬਤ ਸੂਰਤ ਰਹਿਣਾ ਹੀ ਸਿਰ ’ਤੇ ਦਸਤਾਰ ਸਜਾਉਣੀ ਹੈ। ਵਿਦੇਸ਼ਾਂ ਵਿੱਚ ਖ਼ਾਸ ਕਰਕੇ ਯੂਰਪੀ ਦੇਸ਼ਾਂ ਵਿੱਚ ਭਾਰਤੀ ਸਿੱਖ ਦੀ ਪਹਿਲੀ ਪਛਾਣ ਪੱਗ ਤੋਂ ਹੁੰਦੀ ਹੈ। ਸਿੱਖਾਂ ਦੀ ਦਸਤਾਰ ਨੇ ਅੱਜ ਦੇ ਸਰੂਪ ਤੱਕ ਪਹੁੰਚਣ ਲਈ ਕਈ ਇਤਿਹਾਸਕ ਮੋੜ ਕੱਟੇ ਹਨ। ਨਾਮਧਾਰੀ ਦਸਤਾਰ ਵੀ ਦੋ ਨੁੱਕਰੀ ਦਸਤਾਰ ਦਾ ਹੀ ਰੁੂਪ ਹੈ।
ਦਸਤਾਰ ਸਿੱਖ ਦੀ ਸ਼ਾਨ ਹੀ ਨਹੀਂ ਇਸ ਦੀ ਵਰਤੋਂ ਇੱਕ ਸਿੱਖ ਲਈ ਧਾਰਮਿਕ ਤੌਰ ’ਤੇ ਵੀ ਜ਼ਰੂਰੀ ਹੈ। ਸਿੱਖ ਨੰਗੇ ਸਿਰ ਨਹੀਂ ਰਹਿੰਦਾ, ਘਰ ਵਿੱਚ ਜਾਂ ਸੈਰ ਕਰਨ ਵੇਲੇ ਵੀ ਛੋਟੀ ਦਸਤਾਰ ਸਿਰ ’ਤੇ ਜ਼ਰੂਰ ਰੱਖਦਾ ਹੈ। ਦਸਤਾਰ ਨਾਲ ਹੀ ਸਿੱਖ ਦੀ ਪਹਿਚਾਣ ਹੈ। ਦਸਤਾਰ ਨੂੰ ਸਿੱਖ ਲਿਬਾਸ ਦਾ ਜ਼ਰੂਰੀ ਅੰਗ ਨਿਰਧਾਰਤ ਕੀਤਾ ਗਿਆ ਹੈ। ਸਿੱਖ ਦਸਤਾਰ ਨੂੰ ਇਕੱਲਾ-ਇਕੱਲਾ ਪੇਚ ਕਰਕੇ ਲੜਾਂ ਨੂੰ ਚਿਣ-ਚਿਣ ਕੇ ਬੰਨ੍ਹੇ ਤੇ ਇਕੱਲਾ-ਇਕੱਲਾ ਲੜ ਕਰਕੇ ਉਤਾਰੇ, ਨਾ ਹੀ ਟੋਪੀ ਦੀ ਤਰ੍ਹਾਂ ਉਤਾਰੇ ਅਤੇ ਨਾ ਹੀ ਟੋਪੀ ਦੀ ਤਰ੍ਹਾਂ ਰੱਖੇ। ਕਈ ਨੌਜਵਾਨਾਂ ਦੇ ਕੇਸ ਰੱਖੇ ਹੁੰਦੇ ਹਨ ਪਰ ਉਹ ਪਟਕਾ ਬੰਨ੍ਹਦੇ ਹਨ ਜਾਂ ਟੋਪੀ ਪਾਉਂਦੇ ਹਨ। ਜੇਕਰ ਉਨ੍ਹਾਂ ਨੂੰ ਦਸਤਾਰ ਸਜਾਉਣ ਲਈ ਕਿਹਾ ਜਾਵੇ ਤਾਂ ਉਹ ਕਹਿੰਦੇ ਹਨ ਕਿ ਦਸਤਾਰ ਸਜਾਉਣ ਨਾਲ ਸਿਰ ਦਰਦ ਹੋਣ ਲੱਗ ਜਾਂਦਾ ਹੈ, ਜਾਂ ਦਸਤਾਰ ਸਜਾਉਣ ’ਤੇ ਸਮਾਂ ਬਹੁਤ ਲੱਗਦਾ ਹੈ। ਦੂਜੇ ਪਾਸੇ ਸਾਡੇ ਦੇਸ਼ ਦੇ ਕਈ ਹਾਕੀ ਖਿਡਾਰੀ ਪਟਕਾ ਬੰਨ੍ਹ ਕੇ ਮੈਚ ਖੇਡਦੇ ਹਨ ਜਦਕਿ ਨਾਮਧਾਰੀ ਹਾਕੀ ਇਲੈਵਨ ਟੀਮ ਦੇ ਖਿਡਾਰੀ ਦਸਤਾਰ ਸਜਾ ਕੇ ਮੈਚ ਖੇਡਦੇ ਹਨ। ਸਾਰੇ ਖਿਡਾਰੀ ਸਾਬਤ ਸੂਰਤ ਤੇ ਕਛਹਿਰੇ ਪਾ ਕੇ ਪ੍ਰੇਮ-ਪਿਆਰ ਨਾਲ ਖੇਡਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਦੇ ਵੀ ਕਈ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਦਸਤਾਰ ਸਜਾ ਕੇ ਮੈਚ ਖੇਡਦੇ ਹਨ।
ਦਸਤਾਰ ਸਿੱਖ ਦੀ ਇੱਜ਼ਤ ਤੇ ਅਣਖ ਦੀ ਪ੍ਰਤੀਕ ਹੈ। ਇਹ ਗੱਲ ਆਮ ਸੁਣਨ ਵਿੱਚ ਆਉਂਦੀ ਹੈ ਕਿ ਦੇਖੀਂ! ਪੱਗ ਨੂੰ ਦਾਗ਼ ਨਾ ਲੱਗਣ ਦੇਈਂ। ਅੱਜ ਨੌਜਵਾਨ ਆਪਣੇ ਅਮੀਰ ਵਿਰਸੇ ਤੋਂ ਅਣਜਾਣ, ਗੁੰਮਰਾਹ ਹੋ ਕੇ ਧੜਾ-ਧੜ ਕੇਸਾਂ ਦੀ ਬੇਅਦਬੀ ਕਰ ਰਹੇ ਹਨ। ਕਈ ਨੌਜਵਾਨਾਂ, ਵਿਅਕਤੀਆਂ ਨੇ ਕੇਸ ਰੱਖੇ ਹੁੰਦੇ ਹਨ, ਦਾੜ੍ਹੀ ਕੱਟੀ ਹੁੰਦੀ ਹੈ ਜਾਂ ਕਰਲ ਕੀਤੀ ਹੁੰਦੀ ਹੈ ਜਾਂ ਟ੍ਰਿਮ ਕਰਦੇ ਹਨ ਪਰ ਉਹ ਸਿਰ ’ਤੇ ਦਸਤਾਰ ਸਜਾਉਂਦੇ ਹਨ। ਕਈ ਵਿਅਕਤੀ ਸਿਰ ’ਤੇ ਦਸਤਾਰ ਸਜਾਉਂਦੇ ਹਨ, ਦਾੜ੍ਹੀ ਵੀ ਖੁੱਲ੍ਹੀ ਤੇ ਲੰਮੀ ਰੱਖੀ ਹੁੰਦੀ ਹੈ, ਪਰ ਉਹ ਤੰਬਾਕੂ, ਪਾਨ ਚੱਬਦੇ ਵੇਖੇ ਹਨ, ਸ਼ਰਾਬ ਪੀਂਦੇ ਹਨ। ਲਾਹਨਤ ਹੈ ਅਜਿਹੀ ਜਵਾਨੀ ’ਤੇ। ਸਿਰ ’ਤੇ ਦਸਤਾਰ ਹੋਵੇ ਤੇ ਹੱਥ ਵਿੱਚ ਸਿਗਰਟ ਜਾਂ ਬੀੜੀ ਹੋਵੇ ਤਾਂ ਸਹਿਜ ਸੁਭਾਅ ਹੀ ਮੂੰਹੋਂ ਨਿਕਲਦਾ ਹੈ ਕਿ ‘ਕੀ ਥੁੜਿਆ ਪਿਐ ਹੈ ਅਜਿਹੇ ਜੀਣ ਖੁਣੋਂ?’
ਧਾਰਮਿਕ ਸਕੂਲਾਂ ਵਿੱਚ ਬੱਚੇ ਛੋਟੀ ਦਸਤਾਰ ਸਜਾ ਕੇ ਆਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਹਰੇਕ ਸਕੂਲ ਵਿੱਚ ਗੁਰਸਿੱਖ ਬੱਚੇ ਪਟਕੇ ਦੀ ਥਾਂ ਦਸਤਾਰ ਸਜਾ ਕੇ ਆਉਣ। ਦੇਸ਼ਾਂ-ਵਿਦੇਸ਼ਾਂ ਵਿੱਚ ਕਈ ਸਕੂਲਾਂ, ਕਾਲਜਾਂ ਵਿੱਚ ਦਸਤਾਰਧਾਰੀ ਲੜਕਾ-ਲੜਕੀ ਨੂੰ ਦਾਖਲਾ ਵੀ ਨਹੀਂ ਦਿੱਤਾ ਜਾਂਦਾ। ਵਿਦੇਸ਼ਾਂ ਵਿੱਚ ਕਈ ਵਿੱਦਿਅਕ ਅਦਾਰਿਆਂ ਵਿੱਚ ਦਸਤਾਰ ਸਜਾ ਕੇ ਆਉਣ ਦੀ ਮਨਾਹੀ ਹੈ। ਇਸ ਲਈ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਨੂੰ ਇਸ ਸਬੰਧੀ ਆਵਾਜ਼ ਉਠਾ ਕੇ ਦਸਤਾਰ ਦੀ ਮਹਾਨਤਾ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ।
ਸਿੱਖ ਲਈ ਦਸਤਾਰ ਦੀ ਵਿਸ਼ੇਸ਼ ਮਹੱਤਤਾ ਹੈ। ਦਸਤਾਰ ਬੰਨ੍ਹਣ ਲਈ ਸਿੱਖ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦਾ ਹੈ। ਦਸਤਾਰ ਸਿੱਖ ਲਈ ਕੋਈ ਸਾਧਾਰਨ ਚਿੰਨ੍ਹ ਨਹੀਂ ਸਗੋਂ ਸਿੱਖ ਦੀ ਹਸਤੀ ਇਸ ਨਾਲ ਜੁੜੀ ਹੋਈ ਹੈ। ਅੰਮ੍ਰਿਤਧਾਰੀ ਸਿੰਘ ਦੀ ਜੇਕਰ ਕਿਤੇ ਦਸਤਾਰ ਲੱਥ ਜਾਵੇ ਤਾਂ ਉਹ ਮਰ-ਮਿਟਣ ਲਈ ਮਜਬੂਰ ਹੋ ਜਾਂਦਾ ਹੈ। ਦਸਤਾਰ ਦੀ ਕਈ ਧਾਰਮਿਕ ਸਮਾਗਮਾਂ, ਧਰਨਿਆਂ, ਜਲਸਿਆਂ ਤੇ ਗੁਰਦੁਆਰਿਆਂ ਵਿੱਚ ਖਿੱਚ-ਧੂਹ ਵੀ ਹੁੰਦੀ ਵੇਖੀ ਹੈ। ਦਸਤਾਰ ਸਤਿਗੁਰਾਂ ਵੱਲੋਂ ਬਖ਼ਸ਼ਿਆ ਮਹਾਨ ਚਿੰਨ੍ਹ ਹੈ ਜਿਸ ਨਾਲ ਸਿੱਖ ਲੱਖਾਂ ਦੀ ਗਿਣਤੀ ਵਿੱਚ ਵੀ ਖੜ੍ਹਾ ਪਛਾਣਿਆ ਜਾਂਦਾ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਕੇਸਾਂ ਅਤੇ ਦਸਤਾਰ ਦਾ ਸਤਿਕਾਰ ਕਰਨ ਦੀ ਪ੍ਰੇਰਣਾ ਦਿੱਤੀ। ਵਿਦੇਸ਼ਾਂ (ਇੰਗਲੈਂਡ) ਵਿੱਚ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੀ ਕਦਰ ਕਰਦਿਆਂ ਇਨ੍ਹਾਂ ਨੂੰ ਕੇਸ-ਦਾੜ੍ਹੀਆਂ ਰੱਖ ਕੇ, ਦਸਤਾਰ ਸਜਾ ਕੇ, ਨੌਕਰੀ ਕਰਨ, ਵਾਹਨ ਚਲਾਉਣ ਤੇ ਵਰਦੀ ਪਾਉਣ, ਸਮਾਜਿਕ, ਧਾਰਮਿਕ, ਭਾਈਚਾਰਕ ਇਕੱਠਾਂ ਵਿੱਚ ਜਾਣ ਦੀ ਖੁੱਲ੍ਹ ਦਿੱਤੀ ਹੈ।
ਗੁਰਦੁਆਰਾ ਦਸਤਾਰ ਅਸਥਾਨ ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ/ਸੇਵਕਾਂ ਵਿੱਚ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਇਆ ਕਰਦੇ ਸਨ। ਸਭ ਤੋਂ ਸੁੰਦਰ ਦਸਤਾਰ ਸਜਾਉਣ ਵਾਲੇ ਨੂੰ ਇਨਾਮ ਤੇ ਸਨਮਾਨ ਦਿੰਦੇ ਸਨ। ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਹਰ ਸਾਲ ਭਾਈ ਜਗਤਾ ਰਾਮ, ਮਹੰਤ ਆਸਾ ਸਿੰਘ, ਮਹੰਤ ਤੀਰਥ ਸਿੰਘ, ਸੰਤ ਹਰਪਾਲ ਸਿੰਘ ‘ਸੇਵਾਪੰਥੀ’ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ ਤੇ ਯੱਗ-ਭੰਡਾਰੇ ਦੇ ਸ਼ੁਭ ਅਵਸਰ ’ਤੇ 12 ਜਨਵਰੀ ਨੂੰ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਸੰਤ ਬਾਬਾ ਰਾਮਪਾਲ ਸਿੰਘ ਵੱਲੋਂ ਆਪਣੇ ਪੂਜਨੀਕ ਪਿਤਾ ਸੰਤ ਬਾਬਾ ਗੁਲਜ਼ਾਰ ਸਿੰਘ ਦੀ ਬਰਸੀ ’ਤੇ ਪਿੰਡ ਝਾਂਡੇ ਜ਼ਿਲ੍ਹਾ ਲੁਧਿਆਣਾ ਵਿਖੇ 3 ਦਸੰਬਰ ਨੂੰ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਸਿਰੋਪਾਉ, ਸਨਮਾਨ ਚਿੰਨ੍ਹ ਤੇ ਕ੍ਰਮਵਾਰ 5100, 3100, 2100 ਰੁਪਏ ਨਕਦ ਰਕਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਹੋਰ ਵੀ ਬਹੁਤ ਸਾਰੇ ਪਿੰਡਾਂ/ਸ਼ਹਿਰਾਂ/ਨਗਰਾਂ ਵਿੱਚ ਵੱਖ -ਵੱਖ ਸਮੇਂ ਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
ਫਾਜ਼ਿਲਕਾ ਦੇ ਸਰਹੱਦੀ ਪਿੰਡ ਰਾਮਪੁਰਾ ਦੇ ਵਸਨੀਕ ਬਲਜਿੰਦਰ ਸਿੰਘ ਦੀ ਛੋਟੇ ਹੁੰਦਿਆਂ ਟੋਕੇ ’ਚ ਆ ਕੇ ਇੱਕ ਬਾਂਹ ਕੱਟੀ ਗਈ ਸੀ। ਭਾਵੇਂ ਉਹ ਬਾਂਹ ਕੱਟਣ ਤੋਂ ਬਾਅਦ ਦੁਨੀਆ ਦੀ ਨਜ਼ਰ ਵਿੱਚ ਅਪਾਹਜ ਹੋ ਗਿਆ ਪਰ ਉਸ ਨੇ ਆਪਣੀ ਮਾਨਸਿਕਤਾ ਅਤੇ ਜਜ਼ਬੇ ਨੂੰ ਅਪਾਹਜ ਨਹੀਂ ਹੋਣ ਦਿੱਤਾ। ਇਲਾਕੇ ਵਿੱਚ ਵੀ ਦਸਤਾਰ ਸੈਂਟਰ ਨਾ ਹੋਣ ਕਾਰਨ ਦੋਸਤਾਂ ਦੇ ਕਹਿਣ ’ਤੇ 2016 ’ਚ ਫਾਜ਼ਿਲਕਾ ਵਿੱਚ ਦੋਸਤ ਗੁਰਜੀਤ ਸਿੰਘ ਨਾਲ ਦਸਤਾਰ ਸੈਂਟਰ ਦੀ ਸ਼ੁਰੂਆਤ ਕੀਤੀ ਜਿੱਥੇ ਲੋਕਾਂ ਨੇ ਉਸ ਨੂੰ ਵਨ-ਹੈਂਡ ਆਰਟਿਸਟ ਕਹਿਣਾ ਸ਼ੁਰੂ ਕਰ ਦਿੱਤਾ। ਉਹ ਬਾਹਰਲੇ ਸੂਬਿਆਂ ਵਿੱਚ ਜਾ ਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਪ੍ਰੇਰਿਤ ਕਰ ਰਿਹਾ ਹੈ। ਉਸ ਨੇ ਅਨੇਕਾਂ ਲੋਕਾਂ ਨੂੰ ਦਸਤਾਰ ਸਜਾਉਣੀ ਸਿਖਾਈ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ- ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵੱਲੋਂ ਹਰ ਸਾਲ ਦਸਤਾਰ ਦਿਵਸ ਤੋਂ ਹਫ਼ਤਾ-ਦਸ ਦਿਨ ਪਹਿਲਾਂ ‘ਦਸਤਾਰ ਚੇਤਨਾ ਮਾਰਚ’ ਕੱਢਿਆ ਜਾਂਦਾ ਹੈ। ਚੇਤਨਾ ਮਾਰਚ ਵਿੱਚ ‘ਜੇ ਤਖ਼ਤ ਨਹੀਂ ਤਾਜ ਨਹੀਂ ਤਾਂ ਕਿੰਗ ਨਹੀਂ’, ‘ਜੇ ਕੇਸ ਨਹੀਂ ਦਸਤਾਰ ਨਹੀਂ ਤਾਂ ਸਿੰਘ ਨਹੀਂ’, ‘ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ’ਤੇ, ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ’ਤੇ’, ‘ਸੋਹਣੇ ਕੇਸ ਸਿਰ ਦਸਤਾਰ ਕਲਗੀਧਰ ਦਾ ਬਣ ਸਰਦਾਰ’, ‘ਸਿਰ ’ਤੇ ਸੋਹੇ ਸੋਹਣੀ ਦਸਤਾਰ’, ‘ਉੱਚਾ ਸੁੱਚਾ ਸਾਡਾ ਕਿਰਦਾਰ’ ਅਤੇ ‘ਦਸਤਾਰ ਨਹੀਂ ਤਾਂ ਸਰਦਾਰ ਨਹੀਂ’ ਲਿਖੇ ਸਟਿੱਕਰ ਤੇ ਗੁਰਮਤਿ ਸਾਹਿਤ ਵੀ ਵੱਡੀ ਗਿਣਤੀ ਵਿੱਚ ਵੰਡਿਆ ਜਾਂਦਾ ਹੈ। ਪਿੰਡਾਂ ਦੇ ਸਾਬਤ ਸੂਰਤ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਪੁਰਾਣੇ ਸਮੇਂ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਹਿਲਾਂ ਮਾਵਾਂ ਆਪਣੇ ਬੱਚਿਆਂ ਦੀਆਂ ਦਸਤਾਰਾਂ ਚੁੰਮਦੀਆਂ ਹੋਈਆਂ ਬੱਚਿਆਂ ਦੀ ਸੋਹਣੀ ਦਸਤਾਰ ’ਤੇ ਮਾਣ ਕਰਦੀਆਂ ਸਨ ਪਰ ਉਸ ਦੇ ਬਿਲਕੁਲ ਉਲਟ ਅੱਜ ਦੀਆਂ ਮਾਵਾਂ ਬੱਚਿਆਂ ਦੇ ਕੇਸਾਂ ਨੂੰ ਸੰਭਾਲਣਾ ਵੀ ਬੋਝ ਸਮਝਦੀਆਂ ਹਨ। ਪੂਰੀ ਦੁਨੀਆ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਦਸਤਾਰ ਅਜਾਇਬ ਘਰ’ ਬਣਾਉਣ ਦੀ ਚੋਣ ਕੀਤੀ ਗਈ ਹੈ। ਦਸਤਾਰ ਅਜਾਇਬ ਘਰ ਦੀ ਇਮਾਰਤ ਦਾ ਡਿਜ਼ਾਈਨ ਵੀ ਦਸਤਾਰ ਦੀ ਤਰ੍ਹਾਂ ਦਾ ਹੋਵੇਗਾ। ਅਜਾਇਬ ਘਰ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰਾਂ ਦਾ ਮਹੱਤਵ ਦਰਸਾਇਆ ਜਾਵੇਗਾ। ਪਟਿਆਲਾ ਸ਼ਾਹੀ ਦਸਤਾਰ, ਨਿਹੰਗ ਸਿੰਘਾਂ ਦੇ ਸਿਰ ਦਾ ਤਾਜ ਦੁਮਾਲਾ, ਪਗੜੀ ਅਤੇ ਵੱਖ-ਵੱਖ ਧਰਮਾਂ ਵਿੱਚ ਸਿਰਾਂ ’ਤੇ ਬੰਨ੍ਹੀਆਂ ਜਾਣ ਵਾਲੀ ਦਸਤਾਰਾਂ ਅਤੇ ਉਨ੍ਹਾਂ ਦਾ ਮਹੱਤਵ ਦੱਸਿਆ ਜਾਵੇਗਾ। ਦਸਤਾਰ ਸਬੰਧੀ ਗੁਰਦੁਆਰਿਆਂ/ਧਾਰਮਿਕ ਜਥੇਬੰਦੀਆਂ/ਸੰਪਰਦਾਵਾਂ ਨੂੰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੂੰ 12 ਅਪਰੈਲ ਨੂੰ ਮਨਾਏ ਜਾਂਦੇ ਦਸਤਾਰ ਦਿਵਸ ’ਤੇ ਇਸ ਦੇ ਮਹੱਤਵ ’ਤੇ ਰੌਸ਼ਨੀ ਪਾਉਣ ਲਈ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ।
ਈਮੇਲ: karnailsinghma@gmail.com

Advertisement
Author Image

joginder kumar

View all posts

Advertisement
Advertisement
×