ਸ਼ੇਰਗੜ੍ਹ ਚੀਮਾ ’ਚ ਦਸਤਾਰ ਸਜਾਉਣ ਦੇ ਮੁਕਾਬਲੇ
ਮੁਕੰਦ ਸਿੰਘ ਚੀਮਾ
ਸੰਦੌੜ, 15 ਨਵੰਬਰ
ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਸ਼ੇਰਗੜ੍ਹ ਚੀਮਾ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਬਾਣੀ ਬਾਣੇ ਨਾਲ ਜੋੜਨ ਲਈ ਦਸਤਾਰ ਮੁਕਾਬਲੇ ਕਰਵਾਏ ਗਏ। ਦਸਤਾਰ ਮੁਕਾਬਲੇ ਵਿੱਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਹਿੱਸਾ ਲਿ, ਜਿਸ ਵਿਚ ਜੇਤੂ ਬੱਚਿਆਂ ਨੂੰ ਨਗਦ ਇਨਾਮ, ਯਾਦਗਾਰੀ ਸਨਮਾਨ ਚਿੰਨ੍ਹ ਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ ਜਦ ਕਿ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦਾ ਪ੍ਰਸੰਸਾ ਪੱਤਰਾਂ ਤੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ. ਮਨਦੀਪ ਸਿੰਘ ਖੁਰਦ ਨੇ ਕਿਹਾ ਦਸਤਾਰ ਅਤੇ ਬਾਣੀ ਬਾਣੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸਿੱਖ ਵਿਰਸੇ ਤੇ ਦਸਤਾਰ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਗੁਰਦੁਆਰਾ ਬਾਬੇ ਸਿੰਘ ਸ਼ਹੀਦ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੇ ਮਨਦੀਪ ਸਿੰਘ ਖੁਰਦ ਮੁੱਖ ਸੇਵਾਦਾਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਯੁਗਰਾਜ ਸਿੰਘ ਚੀਮਾ, ਯਾਦਵਿੰਦਰ ਸਿੰਘ ਚੀਮਾ ਕੈਨੇਡਾ, ਕੈਪਟਨ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਕਾਕਾ, ਚਰਨਜੀਤ ਸਿੰਘ ਚੰਨਾ, ਪੰਚ ਸੁਖਦੇਵ ਸਿੰਘ, ਪੰਚ ਜਗਦੀਪ ਸਿੰਘ, ਕੁਲਵਿੰਦਰ ਸਿੰਘ ਨਾਮਧਾਰੀ, ਜਸਵੀਰ ਸਿੰਘ ਸੀਰਾ, ਗੱਜਣ ਸਿੰਘ ਪੰਧੇਰ, ਗੁਰਮੇਲ ਸਿੰਘ ਵਾਰੀਆ ਆਦਿ ਹਾਜ਼ਰ ਸਨ।
ਗੁਰਪੁਰਬ ਮੌਕੇ ਦਸਤਾਰਾਂ ਦਾ ਲੰਗਰ ਲਗਾਇਆ
ਭਵਾਨੀਗੜ੍ਹ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਯੂਥ ਅਕਾਲੀ ਦਲ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਆਪਣੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਦਸਤਾਰਾਂ ਸਜਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਦਸਤਾਰਾਂ ਸਜਾਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨੇਜਰ ਜਗਜੀਤ ਸਿੰਘ ਵੱਲੋਂ ਦਸਤਾਰਾਂ ਸਜਾਉਣ ਵਾਲੇ ਨੌਜਵਾਨਾਂ ਦੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ, ਜੋਗਾ ਸਿੰਘ ਫੱਗੂਵਾਲਾ, ਰੁਪਿੰਦਰ ਸਿੰਘ ਰੰਧਾਵਾ, ਗੁਰਮੀਤ ਸਿੰਘ ਜੈਲਦਾਰ, ਹਰਜਿੰਦਰ ਸਿੰਘ ਜਲਾਣ, ਬਲਰਾਜ ਸਿੰਘ, ਭਰਪੂਰ ਸਿੰਘ ਫੱਗੂਵਾਲਾ, ਪ੍ਰਭਜੀਤ ਸਿੰਘ ਲੱਕੀ, ਗੋਲਡੀ ਤੂਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ