ਬਾਕਸਿੰਗ ’ਚ ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਸੋਨ ਤਗ਼ਮੇ
ਪੱਤਰ ਪ੍ਰੇਰਕ
ਫਿਲੌਰ, 1 ਸਤੰਬਰ
ਪਿੰਡ ਅੱਟੀ ਵਿਚ ਸਥਿਤ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਬਾਕਸਿੰਗ ਲੜਕੀਆਂ ਦੇ ਅੰਡਰ-14 ’ਚ ਦੋ ਸੋਨ ਤਗ਼ਮੇ ਅਤੇ ਇੱਕ ਚਾਂਦੀ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਬਾਕਸਿੰਗ ਦੀ ਖੁਦ ਤਿਆਰੀ ਕਰਵਾ ਰਹੇ ਸਕੂਲ ਦੇ ਐੱਮਡੀ ਸੁਖਦੀਪ ਸਿੰਘ ਨੇ ਦੱਸਿਆ ਕਿ ਬਾਕਸਿੰਗ ਕੋਚ ਜਗਦੀਪ ਸਿੰਘ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਕ੍ਰਿਤਿਕਾ ਕੋਮਲ ਅਤੇ ਮਨਪ੍ਰੀਤ ਕੌਰ ਨੇ ਆਪਣੇ ਭਾਰ ਵਰਗ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਹਾਸਲ ਕੀਤੇ ਜਦਕਿ ਪਾਲ ਤਾਨੀਆ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਲੜਕਿਆਂ ਨੇ 14 ਅਤੇ 17 ਸਾਲ ਵਰਗ ’ਚ 4 ਚਾਂਦੀ ਅਤੇ 6 ਕਾਂਸੀ ਦੇ ਤਗਮੇ ਹਾਸਲ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਸਕੂਲ ਨੂੰ ਜ਼ਿਲ੍ਹਾ ਪੱਧਰੀ ਰੱਸਾਕਸ਼ੀ ਦੇ ਮੁਕਾਬਲੇ ਕਰਵਾਉਣ ਦਾ ਮੌਕਾ ਮਿਲਿਆ ਹੈ। ਇਹ ਮੁਕਾਬਲੇ 9 ਸਤੰਬਰ ਨੂੰ ਹੋ ਰਹੇ ਹਨ। ਇਸ ਮੌਕੇ ਲੈਕਚਰਾਰ ਇਕਬਾਲ ਸਿੰਘ, ਪ੍ਰਿੰਸੀਪਲ ਬਲਜਿੰਦਰ ਕੁਮਾਰ, ਵਾਈਸ ਪ੍ਰਿੰਸੀਪਲ ਸੰਦੀਪ ਕੌਰ, ਰਵਿੰਦਰਜੀਤ ਕੌਰ ਅਤੇ ਸਮੂਹ ਸਟਾਫ਼ ਨੇ ਖਿਡਾਰੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।