ਜ਼ੋਨਲ ਯੂਥ ਫੈਸਟੀਵਲ ਦੀ ਓਵਰਆਲ ਟਰਾਫੀ ਦਸਮੇਸ਼ ਕਾਲਜ ਨੇ ਜਿੱਤੀ
ਇਕਬਾਲ ਸਿੰਘ ਸ਼ਾਂਤ
ਲੰਬੀ, 13 ਨਵੰਬਰ
ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੁਵਕ ਅਤੇ ਵਿਰਾਸਤੀ ਮੇਲਾ (ਮੁਕਤਸਰ ਜ਼ੋਨ) ਵਿੱਚ ਓਵਰਆਲ ਟਰਾਫ਼ੀ ’ਤੇ ਲਗਾਤਾਰ ਤੀਸਰੀ ਵਾਰ ਕਬਜ਼ਾ ਕੀਤਾ। ਜ਼ੋਨਲ ਫੈਸਟੀਵਲ ਕਾਲਜ ਨੇ ਵੱਖ-ਵੱਖ 58 ਮੁਕਾਬਲਿਆਂ ਵਿਚੋਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਪ੍ਰਮੁੱਖ ਤੌਰ ’ਤੇ ਕਾਲਜ ਦਾ ਨਾਟਕ ‘ਜਦੋਂ ਰੌਸ਼ਨੀ ਹੁੰਦੀ ਏ’ ਪਹਿਲੇ ਸਥਾਨ ’ਤੇ ਰਿਹਾ। ਜਨਰਲ ਡਾਂਸ (ਰਾਜਸਥਾਨੀ) ਪਹਿਲੇ ਸਥਾਨ ’ਤੇ ਰਿਹਾ। ਇੰਡੀਅਨ ਆਰਕੈਸਟਰਾ ਪਹਿਲੇ ਸਥਾਨ ’ਤੇ ਗਿੱਧਾ ਅਤੇ ਸੰਮੀ ਪ੍ਰਭਾਵਸ਼ਾਲੀ ਪੇਸ਼ਕਾਰੀ ਸਦਕਾ ਦੂਸਰੇ ਸਥਾਨ ’ਤੇ ਰਹੇ। ਸਕਿੱਟ ਅਤੇ ਮਾਈਮ ਵਿੱਚ ਵਿਦਿਆਰਥੀਆਂ ਨੇ ਅਦਾਕਾਰੀ ਦੇ ਜੌਹਰ ਵਿਖਾਉਂਦੇ ਕ੍ਰਮਵਾਰ ਪਹਿਲਾਂ ਅਤੇ ਤੀਜਾ ਸਥਾਨ ਜਿੱਤਿਆ। ਸੱਭਿਆਚਾਰਕ ਵਿਰਾਸਤੀ ਪ੍ਰਸ਼ਨੋਤਰੀ ਦੇ ਫਸਵੇਂ ਮੁਕਾਬਲੇ ਵਿੱਚ 16 ਟੀਮਾਂ ਨੂੰ ਹਰਾਉਂਦੇ ਕਾਲਜ ਵਿਦਿਆਰਥਨਾਂ ਨੇ ਸੱਭਿਆਚਾਰਕ ਜਾਣਕਾਰੀ ਨਾਲ ਸਾਂਝ ਪਾਉਂਦੇ ਤੀਜਾ ਸਥਾਨ ਹਾਸਲ ਕੀਤਾ| ਵਿਦਿਆਰਥੀਆਂ ਨੇ ਅਲੋਪ ਹੋ ਰਹੀਆ ਲੋਕ-ਕਲਾਵਾਂ ਨੂੰ ਪੁਨਰ ਸੁਰਜੀਤ ਕਰਦਿਆਂ ਰੰਗੋਲੀ , ਛਿੱਕੂ, ਨਾਲਾ, ਪੀੜ੍ਹੀ, ਖਿੱਦੋ, ਮਿੱਟੀ ਦੇ ਖਿਡੌਣੇ, ਮਹਿੰਦੀ, ਬਾਗ਼, ਪੱਖੀ, ਟੋਕਰੀ, ਰੱਸਾ, ਫੁਲਕਾਰੀ, ਗੁੱਡੀਆਂ-ਪਟੋਲੇ, ਦਸੂਤੀ, ਕਰੋਸ਼ੀਆ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕੀਤੇ। ਫਾਈਨ ਆਰਟਸ ਵਿੱਚ ਇੰਸਟੋਲੇਸ਼ਨ ਨੇ ਤੀਜਾ ਸਥਾਨ ਤੇ ਸਿਤਾਰਵਾਦਨ ’ਚ ਪਹਿਲਾ ਸਥਾਨ ਲਿਆ। ਡਾ. ਸੰਘਾ ਨੇ ਦੱਸਿਆ ਕਿ ਕਵਿਤਾ ਉਚਾਰਨ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਗਿੱਧਾ ਟੀਮ, ਜਨਰਲ ਡਾਂਸ, ਸੰਮੀ, ਆਰਕੈਸਟਰਾ, ਨਾਟਕ, ਮੁਹਾਵਰੇਦਾਰ ਵਾਰਤਾਲਾਪ ’ਚ ਪ੍ਰਤੀਭਾਗੀਆਂ ਨੇ ਵਿਅਕਤੀਗਤ ਇਨਾਮ ਜਿੱਤੇ। ਯੂਥ ਫੈਸਟੀਵਲ ਮੌਕੇ ਕਾਲਜ ਵੱਲੋਂ ਫੈਸਟੀਵਲ ਕਨਵੀਨਰ ਤੇ ਵਾਈਸ ਪ੍ਰਿੰਸੀਪਲ ਇੰਦਰਾ ਪਾਹੂਜਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਨੇ ਜੇਤੂਆਂ ਨੂੰ ਵਧਾਈ ਦਿੱਤੀ।