ਦਸਮੇਸ਼ ਆਲ ਇੰਡੀਆ ਹਾਕਸ ਟੂਰਨਾਮੈਂਟ ਸ਼ੁਰੂ
ਜਗਮੋਹਨ ਸਿੰਘ
ਰੂਪਨਗਰ, 20 ਨਵੰਬਰ
ਵਿਸ਼ਵ ਪ੍ਰਸਿੱਧ 32ਵਾਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਅੱਜ ਰੂਪਨਗਰ ਦੇ ਹਾਕਸ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ। ਫੈਸਟੀਵਲ ਦਾ ਉਦਘਾਟਨ ਮੁੱਖ ਮਹਿਮਾਨ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਇਕ ਦਿਨੇਸ਼ ਚੱਢਾ ਤੇ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਨੇ ਗੁਰਦੁਆਰਾ ਭੱਠਾ ਸਾਹਿਬ ਤੋਂ ਲਿਆਂਦੀ ਪਵਿੱਤਰ ਮਸ਼ਾਲ ਰਾਹੀਂ ਕੀਤਾ। ਸੰਸਦ ਮੈਂਬਰ ਕੰਗ ਨੇ ਹਾਕਸ ਕਲੱਬ ਦੇ ਗਰਾਊਂਡ ਦੀ ਚਾਰਦੀਵਾਰੀ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਭੁਪਿੰਦਰ ਗਿੱਲ ਨੇ ਧੀਆਂ ਬਚਾਉਣ ਤੇ ਰੁੱਖ ਲਗਾਉਣ ਦਾ ਹੋਕਾ ਦਿੱਤਾ।
ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ 24 ਨਵੰਬਰ ਤੱਕ ਚੱਲਣ ਵਾਲੇ ਹਾਕੀ ਫੈਸਟੀਵਲ ਵਿੱਚ ਦੇਸ਼ ਭਰ ਦੀਆਂ ਨਾਮੀ ਟੀਮਾਂ ਹਿੱਸਾ ਲੈਣਗੀਆਂ ਅਤੇ ਫਾਈਨਲ ਮੈਚ 24 ਨਵੰਬਰ ਨੂੰ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 1 ਲੱਖ ਰੁਪਏ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਐੱਸਐੱਸ ਸੈਣੀ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ‘ਆਪ’ ਆਗੂ ਭਾਗ ਸਿੰਘ ਮਦਾਨ ਤੇ ਖੇਡ ਪ੍ਰੇਮੀ ਹਾਜ਼ਰ ਸਨ।