ਪ੍ਰੈੱਸ ਕਲੱਬ ਰਾਜਪੁਰਾ ਦੇ ਪ੍ਰਧਾਨ ਬਣੇ ਦਰਸ਼ਨ ਸਿੰਘ ਮਿੱਠਾ
ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੂਨ
‘ਰਾਜਪੁਰਾ ਪ੍ਰੈੱਸ ਕਲੱਬ ਰਾਜਪੁਰਾ’ ਦੀ ਮੀਟਿੰਗ ਵਿੱਚ ਪੱਤਰਕਾਰ ਦਰਸ਼ਨ ਸਿੰਘ ਮਿੱਠਾ ਨੂੰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਹੈ। ਮੀਟਿੰਗ ਵਿੱਚ ਕਲੱਬ ਦੇ ਹਿਸਾਬ ਦਾ ਲੇਖਾ ਜੋਖਾ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਮੌਜੂਦਾ ਪ੍ਰਧਾਨ ਜਗਨੰਦਨ ਗੁਪਤਾ ਨੇ ਪਿਛਲੀ ਕਾਰਜਕਾਰਨੀ ਨੂੰ ਭੰਗ ਕਰਦਿਆਂ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਪ੍ਰਸਤਾਵ ਰੱਖਿਆ।
ਚੋਣ ਅਧਿਕਾਰੀ ਕ੍ਰਿਸ਼ਨ ਕੁਮਾਰ ਨਿਰਦੋਸ਼ ਵੱਲੋਂ ਕੀਤੀ ਗਈ ਨਾਮਜ਼ਦਗੀਆਂ ਦੀ ਮੰਗ ’ਤੇ ਜਦੋਂ ਕਿਸੇ ਨੇ ਵੀ ਨਾਮਜ਼ਦਗੀ ਨਾ ਭਰੀ ਤਾਂ ਪੱਤਰਕਾਰ ਦਲਜੀਤ ਸਿੰਘ ਸੈਦਖੇੜੀ ਨੇ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਦਰਸ਼ਨ ਸਿੰਘ ਮਿੱਠਾ ਦਾ ਨਾਮ ਪੇਸ਼ ਕੀਤਾ। ਪ੍ਰਧਾਨਗੀ ਲਈ ਕਿਸੇ ਹੋਰ ਉਮੀਦਵਾਰ ਦਾ ਨਾਮ ਸਾਹਮਣੇ ਨਾ ਆਉਣ ’ਤੇ ਚੋਣ ਅਧਿਕਾਰੀ ਨੇ ਦਰਸ਼ਨ ਸਿੰਘ ਮਿੱਠਾ ਨੂੰ ਕਲੱਬ ਦਾ ਪ੍ਰਧਾਨ ਐਲਾਨ ਦਿੱਤਾ।
ਨਵੇਂ ਪ੍ਰਧਾਨ ਨੂੰ ਕਾਰਜਕਾਰਨੀ ਗਠਿਤ ਕਰਨ ਦੇ ਅਧਿਕਾਰ ਵੀ ਦੇ ਦਿੱਤੇ ਹਨ। ਮਿੱਠਾ ਨੇ ਕਿਹਾ ਕਿ ਉਹ ਆਪਣੀ ਜ਼ਿੰਮਵੇਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਡਾ. ਗੁਰਵਿੰਦਰ ਅਮਨ, ਅਸ਼ੋਕ ਝਾਅ, ਹਰਵਿੰਦਰ ਗਗਨ, ਰਾਜਿੰਦਰ ਮੋਹੀ, ਠੇਕੇਦਾਰ ਦਿਨੇਸ਼ ਕੁਮਾਰ, ਭੁਪਿੰਦਰ ਕਪੂਰ, ਦਿਲਸ਼ੈਨਜੋਤ ਕੌਰ, ਅਰਜੁਨ ਰੋਜ਼ ਤੇ ਦੀਨਾ ਨਾਥ ਆਦਿ ਮੌਜੂਦ ਸਨ।